ਪੰਜਾਬ ਦੇ ਜਿਲ੍ਹਾ ਲੁਧਿਆਣਾ ਸ਼ਹਿਰ ਵਿੱਚ ਸ਼ਨੀਵਾਰ ਦੇਰ ਸ਼ਾਮ ਰੋਜ ਗਾਰਡਨ ਰੋਡ ਤੇ ਇੱਕ ਸੜਕ ਹਾਦਸਾ ਹੋ ਗਿਆ। ਇਸ ਹਾਦਸੇ ਵਿੱਚ ਪਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਪਤਨੀ ਨੂੰ ਗੰਭੀਰ ਹਾਲਤ ਦੇ ਵਿੱਚ ਡੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ। ਲੋਕਾਂ ਦੇ ਦੱਸਣ ਮੁਤਾਬਕ ਹੂਟਰ ਵਜਾਉਂਦੇ ਹੋਏ ਆ ਰਹੀ ਓਵਰਸਪੀਡ ਸਕਾਰਪੀਓ ਡਿਵਾਇਡਰ ਕਰਾਸ ਕਰਕੇ ਸੜਕ ਦੇ ਦੂਜੇ ਪਾਸੇ ਪਹੁੰਚ ਗਈ। ਕਾਰ ਦਾ ਸੰਤੁਲਨ ਇੰਨਾ ਵਿਗੜ ਗਿਆ ਕਿ ਦੂਜੇ ਪਾਸੇ ਆ ਰਹੇ ਐਕਟਿਵਾ ਸਵਾਰ ਪਤੀ ਪਤਨੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਹਾਦਸੇ ਵਿਚ ਟੱਕਰ ਲੱਗਣ ਕਾਰਨ ਪਤੀ ਪਤਨੀ ਬੁੜਕ ਕੇ ਸੜਕ ਤੇ ਆ ਡਿੱਗੇ। ਇਸ ਦੌਰਾਨ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਮਹਿਲਾ ਜਖ਼ਮੀ ਹੋ ਗਈ। ਘਟਨਾ ਵਾਲੀ ਥਾਂ ਤੇ ਹੀ ਸਕਾਰਪੀਓ ਚਲਾ ਰਹੇ ਨੌਜਵਾਨ ਅਤੇ ਉਸ ਦੇ ਇੱਕ ਦੋਸਤ ਨੂੰ ਲੋਕਾਂ ਨੇ ਫੜ ਲਿਆ। ਲੋਕਾਂ ਦੇ ਮੁਤਾਬਕ ਕਾਰ ਦੀ ਸਪੀਡ ਕਾਫ਼ੀ ਜ਼ਿਆਦਾ ਤੇਜ ਸੀ। ਸਕਾਰਪੀਓ ਉੱਤੇ ਪੁਲਿਸ ਵਿਭਾਗ ਦਾ ਸਟੀਕਰ ਵੀ ਲੱਗਿਆ ਸੀ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵਿਜਨ ਨੰਬਰ 8 ਦੇ ਅਧੀਨ ਪੈਂਦੀ ਘੁਮਾਰ ਮੰਡੀ ਚੌਕੀ ਅਤੇ ਥਾਣਾ ਪੀਏਯੂ ਦੇ ਅਧੀਨ ਪੈਂਦੀ ਕਿਚਲੂ ਨਗਰ ਚੌਕੀ ਦੀ ਟੀਮ ਮੌਕੇ ਉੱਤੇ ਪਹੁੰਚ ਗਈ।
ਗੱਡੀ ਬੇਕਾਬੂ ਹੋਣ ਕਾਰਨ ਹੋਇਆ ਹਾਦਸਾ
ਸਕਾਰਪੀਓ ਕਾਰ ਡਰਾਈਵਰ ਪੀਏਯੂ ਗੇਟ ਨੰਬਰ 4 ਦੇ ਨਜਦੀਕ ਟਰੈਫਿਕ ਲਾਇਟ ਚੌਕ ਦੇ ਵਲੋਂ ਸੱਗੂ ਚੌਕ ਦੇ ਵੱਲ ਜਾ ਰਿਹਾ ਸੀ। ਸੰਤੁਲਨ ਵਿਗੜਨ ਕਾਰਨ ਕਾਰ ਡਿਵਾਇਡਰ ਕਰਾਸ ਕਰਕੇ ਦੂਜੇ ਪਾਸੇ ਚੱਲੀ ਗਈ ਅਤੇ ਐਕਟਿਵਾ ਸਵਾਰ ਪਤੀ ਪਤਨੀ ਨਾਲ ਟਕਰਾ ਗਈ। ਐਕਟਿਵਾ ਸਵਾਰ ਪਤੀ ਪਤਨੀ ਸੱਗੂ ਚੌਕ ਦੇ ਵਲੋਂ ਡੀਐਮਸੀ ਦੇ ਵੱਲ ਜਾ ਰਹੇ ਸਨ। ਹਾਦਸੇ ਦਾ ਸ਼ਿਕਾਰ ਹੋਏ ਪਤੀ ਪਤਨੀ ਦਾ ਕੋਈ ਰਿਸ਼ਤੇਦਾਰ ਡੀਐਮਸੀ ਵਿੱਚ ਦਾਖਲ ਸੀ। ਜਿਸ ਨੂੰ ਖਾਣਾ ਦੇਣ ਲਈ ਉਹ ਜਾ ਰਹੇ ਸਨ। ਖਬਰ ਲਿਖਣ ਤੱਕ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ।
ਇਸ ਸਬੰਧੀ ਘੁਮਾਰ ਮੰਡੀ ਚੌਕੀ ਇੰਨਚਾਰਜ ਮਨਿੰਦਰ ਕੌਰ ਨੇ ਕਿਹਾ ਕਿ ਹਾਦਸੇ ਵਿੱਚ ਸਕਾਰਪੀਓ ਡਰਾਈਵਰ ਅਤੇ ਉਸ ਦੇ ਦੋਸਤ ਨੂੰ ਪੁਲਿਸ ਨੇ ਫੜ ਲਿਆ ਹੈ। ਲਾਸ਼ ਦੇ ਬਾਰੇ ਵਿੱਚ ਹਸਪਤਾਲ ਜਾਕੇ ਪਤਾ ਚੱਲੇਗਾ ਕਿ ਉਹ ਕੌਣ ਹਨ ? ਹਸਪਤਾਲ ਵਿੱਚ ਭਰਤੀ ਰਿਸ਼ਤੇਦਾਰ ਨਾਲ ਪੁੱਛਗਿਛ ਕਰਕੇ ਉਨ੍ਹਾਂ ਦੇ ਪਰੀਜਨਾਂ ਤੱਕ ਸੰਪਰਕ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।