ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਵਿੱਚ ਐਤਵਾਰ ਨੂੰ ਚਿੱਟੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਫਿਰੋਜਪੁਰ ਦਾ ਰਹਿਣ ਵਾਲਾ ਨੌਜਵਾਨ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਭਰਤੀ ਸੀ। ਮ੍ਰਿਤਕ ਨੇ ਤਕਰੀਬਨ 10 ਸਾਲ ਪਹਿਲਾਂ ਲੁਧਿਆਣਾ ਸ਼ਹਿਰ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਉਸ ਦੇ ਬਾਅਦ ਤੋਂ ਇੱਥੇ ਘਰ ਜਵਾਈ ਬਣ ਕੇ ਰਹਿਣ ਲੱਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੀ ਸੱਸ ਨੇ ਦੱਸਿਆ ਕਿ ਉਸ ਨੇ ਕਈ ਵਾਰ ਆਪਣੇ ਜਵਾਈ ਸੁਖਵਿੰਦਰ ਸਿੰਘ ਨੂੰ ਆਪਣੇ ਅੱਖੀਂ ਨਸ਼ਾ ਕਰਦੇ ਵੇਖਿਆ ਹੈ। ਉਸ ਨੂੰ ਜਦੋਂ ਨਸ਼ਾ ਕਰਨ ਤੋਂ ਰੋਕਦੇ ਸਨ ਤਾਂ ਉਹ ਪਰਿਵਾਰ ਨਾਲ ਝਗੜਾ ਕਰਨ ਲੱਗਦਾ ਸੀ। 4 ਦਿਨ ਪਹਿਲਾਂ ਨੌਜਵਾਨ ਦੀ ਹਾਲਤ ਵਿਗੜਨ ਉੱਤੇ ਉਸ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਐਤਵਾਰ ਸਵੇਰੇ ਨੌਜਵਾਨ ਦੀ ਹਾਲਤ ਜ਼ਿਆਦਾ ਵਿਗੜ ਗਈ ਅਤੇ 1: 45 ਵਜੇ ਉਸ ਨੇ ਦਮ ਤੋਡ਼ ਦਿੱਤਾ।
ਮ੍ਰਿਤਕ ਸੁਖਵਿੰਦਰ ਸਿੰਘ 10 ਸਾਲ ਤੋਂ ਲੁਧਿਆਣਾ ਦੀ EWS ਕਲੋਨੀ ਵਿੱਚ ਰਹਿ ਰਿਹਾ ਸੀ। ਉਹ ਰੇਤ ਦੀਆਂ ਟਰਾਲੀਆਂ ਭਰਨ ਦਾ ਕੰਮ ਕਰਦਾ ਸੀ। ਪਰਿਵਾਰ ਦੇ ਮੁਤਾਬਕ ਜਦੋਂ ਤੋਂ ਉਹ ਲੁਧਿਆਣਾ ਇਹ ਕੰਮ ਕਰਨ ਲੱਗਿਆ ਸੀ ਉਦੋਂ ਉਹ ਚਿੱਟੇ ਦੀ ਲਪੇਟ ਵਿੱਚ ਆ ਗਿਆ ਸੀ। ਸੁਖਵਿੰਦਰ ਦੇ ਪਿੱਛੇ ਹੁਣ ਉਸ ਦੀ ਪਤਨੀ ਪੂਜਾ ਅਤੇ ਦੋ ਬੇਟੀਆਂ ਹਨ। ਇਨ੍ਹਾਂ ਵਿੱਚ ਇੱਕ ਧੀ 9 ਸਾਲ ਅਤੇ ਦੂਜੀ ਧੀ 3 ਸਾਲ ਉਮਰ ਦੀ ਹੈ।
ਘਰ ਨਹੀਂ ਦਿੰਦਾ ਸੀ ਤਨਖਾਹ
ਮ੍ਰਿਤਕ ਦੀ ਪਤਨੀ ਦੇ ਦੱਸਣ ਮੁਤਾਬਕ ਸੁਖਵਿੰਦਰ ਸਿੰਘ ਦੀ ਜਿੰਨੀ ਵੀ ਦਿਹਾੜੀ ਬਣਦੀ ਸੀ, ਉਹ ਕਦੇ ਵੀ ਘਰ ਵਿਚ ਪੈਸੇ ਨਹੀਂ ਦਿੰਦਾ ਸੀ। ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਅਤੇ ਭੈਣ ਗੁਰਜੀਤ ਕੌਰ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਉਨ੍ਹਾਂ ਦਾ ਭਰਾ ਕੋਈ ਵੀ ਨਸ਼ਾ ਨਹੀਂ ਕਰਦਾ ਸੀ। ਲੁਧਿਆਣਾ ਆਉਣ ਤੋਂ ਬਾਅਦ ਉਸ ਦੀ ਸਿਹਤ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਉਨ੍ਹਾਂ ਨੇ ਕਈ ਵਾਰ ਉਸ ਤੋਂ ਪੁੱਛਿਆ ਵੀ ਕਿ ਤੂੰ ਕੋਈ ਨਸ਼ਾ ਤਾਂ ਨਹੀਂ ਕਰਦਾ ਤਾਂ ਹਰ ਵਾਰ ਸੁਖਵਿੰਦਰ ਸਿੰਘ ਗੱਲ ਨੂੰ ਟਾਲ ਦਿੰਦਾ ਸੀ। ਪਰਿਵਾਰਕ ਮੈਂਬਰ ਸੁਖਵਿੰਦਰ ਸਿੰਘ ਦੇ ਸੰਸਕਾਰ ਲਈ ਉਸ ਦੀ ਲਾਸ਼ ਨੂੰ ਫਿਰੋਜਪੁਰ ਲੈ ਗਏ ਹਨ।