ਪੰਜਾਬ ਦੇ ਮੁਕਤਸਰ ਸਾਹਿਬ ਵਿੱਚ ਇੱਕ ਹੋਰ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਗਈ ਹੈ। ਪਿੰਡ ਦੂਹੇਵਾਲਾ ਵਾਸੀ ਕਰੀਬ 27 ਸਾਲ ਦਾ ਪਰਮਿੰਦਰ ਸਿੰਘ ਉਰਫ ਨਵੀ ਨਸ਼ੇ ਦਾ ਆਦੀ ਸੀ। ਬੀਤੇ ਸੋਮਵਾਰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬੂੜਾ ਗੁੱਜਰ ਰੋਡ ਉੱਤੇ ਦੇਖਿਆ ਗਿਆ ਸੀ। ਲੇਕਿਨ ਉਸ ਤੋਂ ਬਾਅਦ ਉਹ ਲਾਪਤਾ ਚੱਲ ਰਿਹਾ ਸੀ। ਮੰਗਲਵਾਰ ਸਵੇਰੇ ਉਸ ਦੀ ਲਾਸ਼ ਬੂੜਾ ਗੁੱਜਰ ਰੋਡ ਤੇ ਹੀ ਸਥਿਤ ਝਾੜੀਆਂ ਵਿੱਚ ਪਈ ਮਿਲੀ। ਤੁਹਾਨੂੰ ਦੱਸ ਦੇਈਏ ਕਿ ਇੱਕ ਸਾਲ ਪਹਿਲਾਂ ਉਸ ਦੇ ਛੋਟੇ ਭਰਾ ਦੀ ਵੀ ਨਸ਼ੇ ਦੇ ਕਾਰਨ ਮੌਤ ਹੋ ਚੁੱਕੀ ਹੈ।
ਇਕਲੌਤਾ ਸੀ ਹੁਣ ਪਰਮਿੰਦਰ
ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਸਥਾਨ ਤੋਂ ਉਸ ਦੀ ਲਾਸ਼ ਮਿਲੀ ਹੈ ਉੱਥੇ ਸਥਿਤ ਇੱਕ ਖੰਡਹਰਨੁਮਾ ਬਿਲਡਿੰਗ ਵਿਚੋਂ ਪੁਲਿਸ ਨੂੰ ਵੱਡੀ ਗਿਣਤੀ ਵਿੱਚ ਇੰਜੈਕਸ਼ਨ ਲਾਉਣ ਵਾਲੀਆਂ ਸਰਿੰਜਾਂ ਪਈਆਂ ਮਿਲੀਆਂ ਹਨ। ਪਰਮਿੰਦਰ ਹੁਣ ਆਪਣੇ ਪਰਿਵਾਰ ਦਾ ਇਕਲੌਤਾ ਹੀ ਮੁੰਡਾ ਸੀ। ਤਕਰੀਬਨ ਤਿੰਨ ਮਹੀਨੇ ਪਹਿਲਾਂ ਉਸ ਦਾ ਵਿਆਹ ਕੀਤਾ ਗਿਆ ਸੀ। ਹੁਣ ਪਰਿਵਾਰ ਵਿੱਚ ਉਸ ਦੀ ਪਤਨੀ ਮਾਂ ਅਤੇ ਦਾਦੀ ਹੀ ਰਹਿ ਗਈਆਂ ਹਨ। ਜਦੋਂ ਕਿ ਪਿਤਾ ਦਾ 10 ਸਾਲ ਪਹਿਲਾਂ ਹੀ ਸੁਰਗਵਾਸ ਹੋ ਚੁੱਕਿਆ ਹੈ।
ਪਰਮਿੰਦਰ ਨੂੰ ਰਾਤ ਦੇ ਇਕ ਵਜੇ ਤੱਕ ਭਾਲਦਾ ਰਿਹਾ ਪਰਿਵਾਰ
ਇਸ ਸਬੰਧੀ ਪਰਵਾਰਿਕ ਮੈਬਰਾਂ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਰਮਿੰਦਰ ਬੀਤੇ ਸੋਮਵਾਰ ਠੀਕ ਕਰਨ ਦਿੱਤਾ ਹੋਇਆ ਮੋਟਰਸਾਇਕਲ ਲਿਆਉਣ ਲਈ ਗਿਆ ਸੀ। ਲੇਕਿਨ ਉਹ ਰੁਪਾਣਾ ਜਾਣ ਦੀ ਬਜਾਏ ਮੁਕਤਸਰ ਪਹੁੰਚ ਗਿਆ। ਕਰੀਬ 10 ਵਜੇ ਕਿਸੇ ਨੇ ਉਨ੍ਹਾਂ ਨੂੰ ਫੋਨ ਉੱਤੇ ਸੂਚਨਾ ਦਿੱਤੀ ਕਿ ਪਰਮਿੰਦਰ ਬੂੜਾ ਗੁੱਜਰ ਰੋਡ ਤੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਕਰੀਬ 15 ਮਿੰਟ ਬਾਅਦ ਹੀ ਉਹ ਦੱਸੇ ਹੋਏ ਸਥਾਨ ਉੱਤੇ ਪਹੁੰਚ ਗਏ। ਲੇਕਿਨ ਉਹ ਉਸ ਥਾਂ ਉੱਤੇ ਨਹੀਂ ਮਿਲਿਆ। ਰਾਤ ਦੇ ਇੱਕ ਵਜੇ ਤੱਕ ਉਸ ਦੀ ਭਾਲ ਕਰਦੇ ਰਹੇ। ਰਾਤ ਨੂੰ ਹੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਸੀ। ਉਸ ਤੋਂ ਬਾਅਦ ਅੱਜ ਉਸ ਦੀ ਲਾਸ਼ ਝਾੜੀਆਂ ਵਿਚੋਂ ਮਿਲੀ ਹੈ।
ਉਨ੍ਹਾਂ ਨੇ ਕਿਹਾ ਕਿ ਉਸ ਦੀ ਮੌਤ ਨਸ਼ੇ ਨਾਲ ਹੀ ਹੋਈ ਹੈ। ਉਸ ਨੇ ਵਿਚ ਵਿਚਾਲੇ ਨਸ਼ਾ ਛੱਡ ਵੀ ਦਿੱਤਾ ਸੀ। ਉਦੋਂ ਉਸ ਦਾ ਵਿਆਹ ਕਰਾਇਆ ਗਿਆ ਸੀ। ਲੇਕਿਨ ਕਰੀਬ ਇੱਕ ਮਹੀਨੇ ਤੋਂ ਉਹ ਫਿਰ ਨਸ਼ਾ ਕਰਨ ਲੱਗਿਆ ਸੀ। ਸਾਲ ਪਹਿਲਾਂ ਇਸ ਦੇ ਛੋਟੇ ਭਰਾ ਦੀ ਵੀ ਨਸ਼ੇ ਨਾਲ ਮੌਤ ਹੋ ਗਈ ਸੀ। ਜਿਹੜੇ ਨੌਜਵਾਨ ਛੋਟੇ ਭਰਾ ਨੂੰ ਨਸ਼ਾ ਦਿੰਦੇ ਸਨ ਉਹ ਹੀ ਪਰਮਿੰਦਰ ਦੇ ਵੀ ਦੋਸਤ ਬਣ ਗਏ। ਉਨ੍ਹਾਂ ਨੌਜਵਾਨਾਂ ਨੂੰ ਬਹੁਤ ਰੋਕਦੇ ਸੀ ਲੇਕਿਨ ਉਹ ਨਹੀਂ ਹਟੇ। ਹੁਣ ਉਸ ਨੂੰ ਨਸ਼ਾ ਮੁਕਤੀ ਕੇਂਦਰ ਭੇਜਣ ਲਈ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਇਸ ਮਾਮਲੇ ਤੇ ਥਾਣਾ ਸਿਟੀ ਦੇ ਇੰਚਾਰਜ ਕਰਮਜੀਤ ਸਿੰਘ ਅਤੇ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਡੀਐਸਪੀ ਅਮਰਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਪਰਮਿੰਦਰ ਸਿੰਘ ਨਸ਼ੇ ਕਰਦਾ ਸੀ। ਬਾਕੀ ਉਸ ਦੀ ਪੋਸਟਮਾਰਟਮ ਰਿਪੋਰਟ ਆਉਣ ਤੇ ਪਤਾ ਚੱਲੇਗਾ। ਪਰਿਵਾਰ ਦੇ ਬਿਆਨ ਤੇ ਪਰਮਿੰਦਰ ਨੂੰ ਨਸ਼ਾ ਦੇਣ ਵਾਲੇ ਨੌਜਵਾਨਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇਗਾ।