ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿੱਚ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਤਰਨਤਾਰਨ ਰੋਡ ਉਤੇ ਬਣੇ ਫਲਾਈਓਵਰ ਉੱਪਰ ਤਿੰਨ ਨੌਜਵਾਨਾਂ ਦਾ ਸੰਤੁਲਨ ਵਿਗੜਨ ਦੇ ਕਾਰਨ ਉਨ੍ਹਾਂ ਦਾ ਮੋਟਰਸਾਇਕਲ ਫਲਾਈਓਵਰ ਤੋਂ ਹੇਠਾਂ ਜਾ ਡਿੱਗਿਆ।
ਇਸ ਦੌਰਾਨ ਮੋਟਰਸਾਇਕਲ ਸਵਾਰ ਤਿੰਨ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਅਤੇ ਤੀਸਰੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਘਟਨਾ ਦਾ ਸ਼ਿਕਾਰ ਹੋਏ ਮ੍ਰਿਤਕ ਯੁਧਵੀਰ ਦਾ ਪੋਸਟਮਾਰਟਮ ਕਰਵਾਉਣ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉੱਥੇ ਡਾਕਟਰ ਪੋਸਟਮਾਰਟਮ ਹਾਊਸ ਨੂੰ ਤਾਲਾ ਲਾ ਕੇ ਚਲੇ ਗਏ, ਜਿਸ ਤੋਂ ਬਾਅਦ ਮ੍ਰਿਤਕ ਯੁਧਵੀਰ ਦੇ ਪਰਿਵਾਰਕ ਮੈਬਰਾਂ ਅਤੇ ਪੁਲਿਸ ਦੇ ਵਿੱਚ ਆਪਸੀ ਕਾਫ਼ੀ ਬਹਿਸ ਵੀ ਦੇਖਣ ਨੂੰ ਮਿਲੀ।
ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਗਿਆਰ੍ਹਵੀਂ ਕਲਾਸ ਵਿੱਚ ਦਾਖਲਾ ਲੈਣ ਲਈ ਕਿਸੇ ਸਕੂਲ ਵਿੱਚ ਪਤਾ ਕਰਨ ਲਈ ਗਿਆ ਸੀ ਅਤੇ ਆਉਂਦੇ ਸਮੇਂ ਫਲਾਈਓਵਰ ਤੋਂ ਮੋਟਰਸਾਈਕਲ ਕੰਟਰੋਲ ਨਹੀਂ ਹੋਣ ਕਰਕੇ ਹੇਠਾਂ ਡਿੱਗ ਪਿਆ ਅਤੇ ਇਸ ਦੌਰਾਨ ਉਨ੍ਹਾਂ ਦੇ ਮੁੰਡੇ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਵਾਰ ਨੇ ਕਿਹਾ ਕਿ ਅਸੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਲੇਕਿਨ ਪੁਲਿਸ ਦੇ ਵਲੋਂ ਅਤੇ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਦੇ ਵਲੋਂ ਉਨ੍ਹਾਂ ਨੂੰ ਜਾਣਬੁੱਝ ਕੇ ਤੰਗ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਬੱਚੇ ਦਾ ਪੋਸਟਮਾਰਟਮ ਵੀ ਨਹੀਂ ਕੀਤਾ ਜਾ ਰਿਹਾ।
ਇਸ ਮਾਮਲੇ ਵਿਚ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਫਲਾਈਓਵਰ ਦੇ ਉੱਤੇ ਤੋਂ ਮੋਟਰਸਾਇਕਲ ਡਿੱਗਣ ਕਰਕੇ ਇੱਕ ਨੌਜਵਾਨ ਯੁਧਵੀਰ ਦੀ ਮੌਤ ਹੋ ਗਈ ਅਤੇ ਸ਼ਾਮ 5 ਵਜੇ ਦਾ ਸਮਾਂ ਹੋਣ ਕਾਰਨ ਪੋਸਟਮਾਰਟਮ ਹਾਊਸ ਬੰਦ ਕਰ ਦਿੱਤਾ ਗਿਆ ਸੀ। ਲੇਕਿਨ ਦੁਬਾਰਾ ਡਾਕਟਰਾਂ ਦੇ ਨਾਲ ਗੱਲਬਾਤ ਕਰਨ ਤੇ ਮੁੰਡੇ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।