ਪੰਜਾਬ ਦੇ ਜਿਲ੍ਹਾ ਫਰੀਦਕੋਟ ਵਿਖੇ ਫੌਜ ਦੀ ਭਰਤੀ ਲਈ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਰਿਹਾ ਕੋਚ, ਸਿਖਲਾਈ ਲੈ ਰਹੇ ਡੁੱਬਦੇ ਮੁੰਡੇ ਨੂੰ ਬਚਾਉਣ ਲਈ ਨਹਿਰ ਵਿੱਚ ਗਿਆ ਜਿੱਥੇ ਉਸ ਦੀ ਵੀ ਡੁੱਬ ਜਾਣ ਦੇ ਕਾਰਨ ਮੌਤ ਹੋ ਗਈ। ਇਸ ਖਬਰ ਦੇ ਲਿਖੇ ਜਾਣ ਤੱਕ ਮ੍ਰਿਤਕ ਕੋਚ ਦੀ ਲਾਸ਼ ਬਰਾਮਦ ਕਰ ਲਈ ਗਈ ਸੀ, ਜਦੋਂ ਕਿ ਇਕ ਸਿਖਲਾਈ ਲੈ ਰਹੇ ਮੁੰਡੇ ਦੀ ਲਾਸ਼ ਤਲਾਸ਼ ਕਰਨ ਦਾ ਕੰਮ ਜਾਰੀ ਹੈ। ਸਾਦਿਕ ਦੇ ਨਜਦੀਕੀ ਪਿੰਡ ਦੀਪ ਸਿੰਘ ਵਾਲੇ ਦੇ ਕੋਲ ਦੀ ਗੁਜਰਦੀ ਰਾਜਸਥਾਨ ਕੈਨਾਲ ਵਿੱਚ ਤੈਰਨ ਦੀ ਸਿਖਲਾਈ ਦੇ ਦੌਰਾਨ ਇਹ ਹਾਦਸਾ ਵਾਪਰਿਆ ਹੈ। ਪਿੰਡ ਦੀਪ ਸਿੰਘ ਵਾਲਾ ਵਿੱਚ ਫੌਜ ਦੀ ਭਰਤੀ ਲਈ ਅਧਿਆਪਨ ਕੈਂਪ ਲੱਗਿਆ ਹੋਇਆ ਸੀ ਅਤੇ ਮਨਿੰਦਰ ਸਿੰਘ ਟਰੇਨਰ ਵਾਸੀ ਕੋਟਕਪੂਰਾ ਨੌਜਵਾਨਾਂ ਨੂੰ ਵੱਖੋ ਵੱਖ ਤਰ੍ਹਾਂ ਦੀ ਸਿਖਲਾਈ ਦੇ ਰਹੇ ਸਨ।
ਇਸ ਸਬੰਧੀ ਸੰਗਰਾਹੂਰ ਦੇ ਨੌਜਵਾਨ ਜਗਮਨਜੋਤ ਸਿੰਘ ਜਸਕਰਨ ਸਿੰਘ ਦੀਪ ਸਿੰਘ ਵਾਲਾ ਅਤੇ ਪਿੰਡ ਦੇ ਸਰਪੰਚ ਸਾਮ ਲਾਲ ਬਜਾਜ਼ ਨੇ ਦੱਸਿਆ ਕਿ ਸਾਦਿਕ 7 ਤੋਂ 8 ਨੌਜਵਾਨਾਂ ਨੂੰ ਨਾਲ ਲੈ ਕੇ ਅਧਿਆਪਕ ਵੱਡੀ ਨਹਿਰ ਰਾਜਸਥਾਨ ਕੈਨਾਲ ਤੇ ਪਹੁੰਚਿਆ ਅਤੇ ਤੈਰਨ ਦੀ ਸਿਖਲਾਈ ਦੇਣ ਲੱਗਿਆ। ਕੁੱਝ ਮੁੰਡਿਆਂ ਨੇ ਨਹਿਰ ਵਿੱਚ ਛਾਲ ਮਾਰੀ ਅਤੇ ਤੈਰਨ ਲੱਗੇ ਤਾਂ ਅਰਸ਼ ਉਰਫ ਲਾਡੀ ਪੁੱਤ ਗੁਰਮੇਲ ਸਿੰਘ ਵਾਸੀ ਦੀਪ ਸਿੰਘ ਵਾਲਾ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ। ਪਾਣੀ ਦਾ ਵਹਾਅ ਜਿਆਦਾ ਤੇਜ ਹੋਣ ਦੇ ਕਾਰਨ ਕਈ ਮੁੰਡੇ ਘਬਰਾ ਗਏ ਤਾਂ ਅਧਿਆਪਕ ਮਨਿੰਦਰ ਸਿੰਘ ਨੇ ਉਨ੍ਹਾਂ ਮੁੰਡਿਆਂ ਨੂੰ ਬਚਾਉਣ ਦੇ ਲਈ ਖੁਦ ਪਾਣੀ ਵਿੱਚ ਛਾਲ ਮਾਰ ਦਿੱਤੀ।
ਬਾਕੀ ਮੁੰਡਿਆਂ ਨੂੰ ਦਰਖਤ ਦੇ ਨਾਲ ਬੱਝੀ ਰੱਸੀ ਅਤੇ ਟਿਊਬ ਦੇ ਸਹਾਰੇ ਕੰਡੇ ਲੈ ਆਇਆ ਜਦੋਂ ਕਿ ਲਾਡੀ ਨੇ ਘਬਰਾ ਕੇ ਅਧਿਆਪਕ ਨੂੰ ਫੜ ਲਿਆ ਜਿੱਥੇ ਅਧਿਆਪਕ ਨੇ ਬਹੁਤ ਜਤਨ ਕੀਤਾ ਪਰ ਉਹ ਕੰਡੇ ਤੱਕ ਨਹੀਂ ਲਿਆ ਸਕਿਆ ਅਤੇ ਅਖੀਰ ਦੋਵੇਂ ਪਾਣੀ ਵਿੱਚ ਡੁੱਬ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਉੱਤੇ ਪਹੁੰਚੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਅਧਿਆਪਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਜਦੋਂ ਕਿ ਸਿਖਲਾਈ ਲੈ ਰਹੇ ਮੁੰਡੇ ਦੀ ਲਾਸ਼ ਨੂੰ ਅਜੇ ਤੱਕ ਨਹੀਂ ਲੱਭਿਆ ਜਾ ਸਕਿਆ।