ਪੰਜਾਬ ਦੇ ਜਿਲ੍ਹਾ ਮੋਗਾ ਵਿਚ ਘਰੋਂ ਘਰੇਲੂ ਸਾਮਾਨ ਲੈਣ ਪੈਦਲ ਜਾ ਰਹੇ ਨੌਜਵਾਨ ਦਾ ਦੋ ਮੋਟਰਸਾਈਕਲ ਸਵਾਰ 7 ਨੌਜਵਾਨਾਂ ਨੇ ਰਸਤੇ ਵਿੱਚ ਘੇਰ ਕੇ ਤਲਵਾਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਸ਼ੁੱਕਰਵਾਰ ਦੀ ਸ਼ਾਮ ਨੂੰ ਭਰੇ ਬਾਜ਼ਾਰ ਵਿੱਚ ਹੋਈ ਹੱਤਿਆ ਨਾਲ ਕਸਬਾ ਬੱਧਨੀ ਕਲਾ ਵਿੱਚ ਦਹਿਸ਼ਤ ਫੈਲ ਗਈ ਹੈ। ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਸ ਹਮਲੇ ਵਿਚ ਮ੍ਰਿਤਕ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਤੋਂ ਇਲਾਵਾ ਇੱਕ ਛੋਟੀ ਭੈਣ ਹੈ। ਅਜੇ ਤੱਕ ਹੱਤਿਆ ਦੀ ਵਜ੍ਹਾ ਸਾਫ਼ ਨਹੀਂ ਹੋ ਸਕੀ। ਉਥੇ ਹੀ ਮੋਗਾ ਕਸਬਾ ਬੱਧਨੀ ਕਲਾਂ ਵਾਸੀ ਨਿੱਕਾ ਸਿੰਘ ਨੇ ਦੱਸਿਆ ਕਿ ਉਸ ਦਾ ਦੋਸਤ ਦੇਸਰਾਜ ਉਮਰ 22 ਸਾਲ ਦੀ ਕਸਬੇ ਦੇ ਕੁੱਝ ਨੌਜਵਾਨਾਂ ਦੇ ਨਾਲ ਰੰਜਸ਼ ਚੱਲਦੀ ਆ ਰਹੀ ਸੀ।
ਉਨ੍ਹਾਂ ਨੇ ਉਸ ਰੰਜਸ਼ ਦੇ ਚਲਦੇ ਸ਼ੁੱਕਰਵਾਰ ਦੀ ਸ਼ਾਮ ਨੂੰ ਲੱਗਭੱਗ 5 ਵਜੇ ਜਦੋਂ ਦੇਸਰਾਜ ਘਰ ਤੋਂ ਪੈਦਲ ਕਸਬੇ ਦੇ ਬਾਜ਼ਾਰ ਵਿੱਚ ਸਾਮਾਨ ਲੈਣ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋ ਮੋਟਰਸਾਇਕਲ ਤੇ ਸਵਾਰ ਸੱਤ ਨੌਜਵਾਨਾਂ ਵਲੋਂ ਉਸ ਨੂੰ ਘੇਰ ਕੇ ਤਲਵਾਰਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਨਾਲ ਜਖ਼ਮੀ ਕਰ ਦਿੱਤਾ। ਜਦੋਂ ਤੱਕ ਉਸ ਨੂੰ ਐਬੁਲੈਂਸ ਤੇ ਮੋਗੇ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤੱਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਏਐਸਪੀ ਮੋਹੰਮਦ ਸਰਫਰਾਜ ਆਲਮ ਥਾਣਾ ਬੱਧਨੀ ਕਲਾਂ ਦੇ ਐਸਐਚਓ ਪ੍ਰਤਾਪ ਸਿੰਘ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ। ਮ੍ਰਿਤਕ ਦੇ ਦੋਸਤਾਂ ਨੇ ਹਮਲਾਵਰਾਂ ਦੇ ਨਾਮ ਹਰਦੀਪ ਸਿੰਘ, ਮਨਵਾ, ਜਸਪ੍ਰੀਤ ਸਿੰਘ ਜੱਸਾ ਦੇ ਇਲਾਵਾ 4 ਅਣਪਛਾਤੇ ਨਕਾਬਪੋਸ਼ ਨੌਜਵਾਨ ਸਨ। ਹਮਲਾਵਰਾਂ ਵਲੋਂ ਦੇਸਰਾਜ ਦੀਆਂ ਲੱਤਾਂ, ਪੈਰ, ਗਰਦਨ ਅਤੇ ਸਿਰ ਉੱਤੇ ਜ਼ਿਆਦਾ ਸੱਟਾਂ ਮਾਰੀਆਂ ਗਈਆਂ ਸਨ।
ਪੁਰਾਣਾ ਰੌਲਾ ਸੀ, ਪਰਿਵਾਰ ਦੇ ਬਿਆਨਾਂ ਤੇ ਹੋਵੇਗੀ ਕਾਰਵਾਈ, ਪੁਲਿਸ
ਐਸਐਚਓ ਪ੍ਰਤਾਪ ਸਿੰਘ ਨੇ ਦੱਸਿਆ ਕਿ ਦੋ ਧਿਰਾਂ ਵਿੱਚ ਪੁਰਾਣਾ ਰੌਲਾ ਚਲਿਆ ਆ ਰਿਹਾ ਸੀ। ਰੰਜਸ਼ ਵਿੱਚ ਇੱਕ ਧਿਰ ਨੇ ਦੂਜੀ ਧਿਰ ਦੇ ਨੌਜਵਾਨ ਉੱਤੇ ਹਮਲਾ ਕਰ ਕੇ ਹੱਤਿਆ ਕਰ ਦਿੱਤੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।