ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਵਿੱਚ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਫੋਕਲ ਪੁਆਇੰਟ ਦੇ ਢੰਡਾਰੀ ਕਲਾਂ ਇਲਾਕੇ ਵਿਚ ਇੱਕ ਗੁਆਂਢੀ ਨੌਜਵਾਨ ਨੇ 10 ਸਾਲ ਦੇ ਬੱਚੇ ਅਮਿਤ ਨੂੰ ਅਗਵਾ ਕਰ ਲਿਆ ਅਤੇ ਉਸ ਨੇ ਪਰਿਵਾਰ ਤੋਂ 2 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰੀ।
ਇਸ ਮਾਮਲੇ ਸਬੰਧੀ ਪਰਿਵਾਰ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਡੇਢ ਦਿਨ ਦੇ ਬਾਅਦ ਦੋਸ਼ੀਆਂ ਤੱਕ ਪਹੁੰਚ ਗਈ। ਪਰ ਬੱਚਾ ਬਰਾਮਦ ਨਹੀਂ ਹੋਇਆ। ਦੋਸ਼ੀਆਂ ਤੋਂ ਪੁੱਛਗਿੱਛ ਦੇ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ ਕਿ ਉਨ੍ਹਾਂ ਨੇ ਬੱਚੇ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ। ਇਸ ਮਾਮਲੇ ਵਿਚ ਥਾਣਾ ਫੋਕਲ ਪੁਆਇੰਟ ਵਿੱਚ ਮੁੱਖ ਦੋਸ਼ੀ ਮੁਕੇਸ਼ ਕੁਮਾਰ ਅਤੇ ਉਸ ਦੇ ਸਾਥੀ ਵਿਕਾਸ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਹੁਣ ਪੁਲੀਸ ਨੀਲੋ ਨਹਿਰ ਦੇ ਵਿੱਚੋਂ ਗੋਤਾਖੋਰਾਂ ਦੀ ਮਦਦ ਦੇ ਨਾਲ ਬੱਚੇ ਦੀ ਲਾਸ਼ ਦੀ ਤਲਾਸ਼ ਕਰ ਰਹੀ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੀ ਮਾਂ ਪੂਨਮ ਦੇਵੀ ਨੇ ਦੱਸਿਆ ਹੈ ਕਿ ਉਹ ਬਿਹਾਰ ਦੇ ਜ਼ਿਲ੍ਹਾ ਗਯਾ ਦੇ ਰਹਿਣ ਵਾਲੇ ਹਨ। ਉਸ ਦਾ ਪਤੀ ਰਾਲਸਨ ਟਾਇਰ ਵਿਚ ਕੰਮ ਕਰਦਾ ਹੈ। ਉਨ੍ਹਾਂ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿਚ ਅਮਿਤ ਕੁਮਾਰ ਸਭ ਤੋਂ ਵੱਡਾ 10 ਸਾਲ ਅਤੇ 2 ਛੋਟੇ ਪੁੱਤਰ ਹਨ। ਉਹ ਢੰਡਾਰੀ ਕਲਾਂ ਪਿਛਲੇ 2 ਸਾਲਾਂ ਤੋਂ ਕਿਰਾਏ ਦੇ ਕਮਰੇ ਵਿਚ ਰਹਿ ਰਹੇ ਹਨ। ਉਸ ਦਾ ਵੱਡਾ ਪੁੱਤਰ ਕੋਲ ਹੀ ਸਥਿਤ ਸਕੂਲ ਵਿਚ ਕੇ. ਜੀ. ਕਲਾਸ ਵਿਚ ਪੜ੍ਹਦਾ ਹੈ। ਉਨ੍ਹਾਂ ਦੇ ਵਿਹੜੇ ਵਿਚ ਮੀਨੂ ਨਾਮ ਦੀ ਔਰਤ ਰਹਿੰਦੀ ਹੈ ਅਤੇ ਉਸ ਨਾਲ ਹੀ ਮੁਕੇਸ਼ ਨਾਮ ਦਾ ਨੌਜਵਾਨ ਰਹਿੰਦਾ ਹੈ। ਪੂਨਮ ਦਾ ਕਹਿਣਾ ਹੈ ਕਿ ਮੁਕੇਸ਼ ਆਮ ਹੀ ਪੁੱਤਰ ਨੂੰ ਆਪਣੇ ਕੋਲ ਬੁਲਾ ਲੈਂਦਾ ਸੀ। ਬੁੱਧਵਾਰ ਦੀ ਸਵੇਰ ਕਰੀਬ 6 ਵਜੇ ਉਸ ਦੇ ਬੇਟੇ ਅਮਿਤ ਨੇ ਕਿਹਾ ਕਿ ਉਸ ਨੂੰ ਮੁਕੇਸ਼ ਅੰਕਲ ਪੈਸੇ ਦੇਣ ਲਈ ਬੁਲਾ ਰਹੇ ਹਨ ਤਾਂ ਉਸ ਨੇ ਸੋਚਿਆ ਕਿ ਜਿਵੇਂ ਬਾਕੀ ਦਿਨਾਂ ਵਿਚ ਮੁਕੇਸ਼ ਬੁਲਾਉਂਦਾ ਸੀ, ਉਂਝ ਹੀ ਬੁਲਾ ਰਿਹਾ ਹੋਵੇਗਾ। ਉਸ ਨੇ ਬੇਟੇ ਨੂੰ ਉਸ ਦੇ ਕੋਲ ਜਾਣ ਦੇ ਦਿੱਤਾ ਸੀ ਪਰ ਉਸ ਤੋਂ ਬਾਦ ਬੇਟਾ ਵਾਪਸ ਕਮਰੇ ਵਿਚ ਨਹੀਂ ਆਇਆ।
ਜਦੋਂ ਉਹ ਆਪਣੇ ਪੁੱਤਰ ਨੂੰ ਦੇਖਣ ਲਈ ਮੁਕੇਸ਼ ਦੇ ਕਮਰੇ ਵਿਚ ਗਈ ਤਾਂ ਉਥੇ ਨਾ ਹੀ ਮੁਕੇਸ਼ ਸੀ ਅਤੇ ਨਾ ਹੀ ਉਸ ਦਾ ਪੁੱਤਰ। ਉਸ ਨੇ ਪੁੱਤਰ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦਾ ਕੁੱਝ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਸੂਚਨਾ ਦਿੱਤੀ ਗਈ। ਪੁਲਿਸ ਜਦੋਂ ਪਹੁੰਚ ਕੇ ਪਰਿਵਾਰ ਤੋਂ ਸਾਰੀ ਘਟਨਾ ਦੀ ਜਾਣਕਾਰੀ ਲੈ ਰਹੀ ਸੀ ਤਾਂ ਉਸ ਸਮੇਂ ਅਗਵਾਕਾਰ ਦੀ ਬੱਚੇ ਦੀ ਮਾਂ ਦੇ ਮੋਬਾਇਲ ਫੋਨ ਤੇ ਕਾਲ ਆਈ ਅਤੇ ਅਗਵਾਕਾਰਾਂ ਨੇ ਬੱਚੇ ਨੂੰ ਛੱਡਣ ਦੇ ਬਦਲੇ 2 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਪੁਲਸ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਤਾਂ ਬੱਚੇ ਨੂੰ ਮਾਰ ਦੇਣਗੇ।