ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੀ ਗ੍ਰੇਟਰ ਕੈਲਾਸ਼ ਕਲੋਨੀ ਅੰਦਰ ਇਕ ਘਰ ਵਿਚ ਹੋਈ ਚੋਰੀ ਦੀ ਵਾਰਦਾਤ ਨੂੰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਸੁਲਝਾਉਂਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਚੋਰ ਨੂੰ ਚੋਰੀ ਕੀਤੇ ਦੇ ਸਮਾਨ ਸਮੇਤ ਕਾਬੂ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਜਿਸ ਵਿਅਕਤੀ ਨੂੰ ਘਰੇ ਡਰਾਈਵਰ ਦੇ ਤੌਰ ‘ਤੇ ਰੱਖਿਆ ਹੋਇਆ ਸੀ, ਉਸ ਨੇ ਹੀ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। DSP ਸਿਟੀ ਬਟਾਲਾ ਦੇਵ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਗ੍ਰੇਟਰ ਕੈਲਾਸ਼ ਫੇਜ਼ ਨੰਬਰ 02 ਬਟਾਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਬੀਤੀ ਰਾਤ ਕਰੀਬ 10 ਵਜੇ ਆਪਣੀ ਦੁਕਾਨ ਨੂੰ ਬੰਦ ਕਰਕੇ ਘਰ ਆਇਆ ਸੀ।
ਉਹ ਆਪਣੇ ਪਰਿਵਾਰ ਦੇ ਨਾਲ ਰਾਤ ਨੂੰ ਖਾਣੇ ਲਈ ਗੁਰੂ ਨਾਨਕ ਨਗਰ ਬਟਾਲਾ ਵਿਚ ਆਪਣੇ ਪਿਤਾ ਦੇ ਘਰ ਗਿਆ ਸੀ। ਰਾਤ ਕਰੀਬ 12 ਵਜੇ ਜਦੋਂ ਉਹ ਆਪਣੀ ਪਤਨੀ ਨਾਲ ਘਰ ਵਾਪਸ ਆਇਆ ਤਾਂ ਦੇਖਿਆ ਕਿ ਲਾਬੀ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ। ਅੰਦਰ ਜਾ ਕੇ ਦੇਖਿਆ ਤਾਂ ਉਸ ਦੇ ਬੈੱਡਰੂਮ ਵਿਚ ਪਈ ਡਰੈਸਿੰਗ ਟੇਬਲ ਦੀ ਅਲਮਾਰੀ ਦਾ ਜਿੰਦਰਾ ਟੁੱਟਿਆ ਹੋਇਆ ਸੀ। ਉਸ ਨੇ ਦੱਸਿਆ ਕਿ ਅਲਮੀਰਾ ਵਿਚੋਂ 5 ਲੱਖ 15 ਹਜ਼ਾਰ ਰੁਪਏ ਦੀ ਨਕਦ ਇਕ ਸੋਨੇ ਦਾ ਸੈੱਟ 3 ਸੋਨੇ ਦੇ ਬਰੇਸਲੇਟ ਇਕ ਜੋੜੀ ਹੀਰਿਆਂ ਦੇ ਟੋਪ ਇਕ ਡਾਇਮੰਡ ਬ੍ਰੇਸਲੇਟ 4 ਹੀਰਿਆਂ ਦੀਆਂ ਮੁੰਦਰੀਆਂ ਇਕ ਸਟਿੰਗ ਸੈੱਟ ਇਕ ਲੇਡੀਜ਼ ਘੜੀ ਅਤੇ ਇਕ ਆਈਫੋਨ ਚੋਰੀ ਹੋ ਗਿਆ।
ਪੀੜਤ ਪਰਿਵਾਰ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਡੀ.ਐਸ.ਪੀ ਨੇ ਦੱਸਿਆ ਕਿ ਪੁਲਸ ਥਾਣਾ ਸਿਵਲ ਲਾਈਨ ਵਿਚ ਪੀੜਤਾ ਦੀ ਸ਼ਿਕਾਇਤ ਤੇ ਕੇਸ਼ ਦਰਜ ਕਰ ਕੇ ਵਿਗਿਆਨਕ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ। ਚੋਰੀ ਦੇ ਅਸਲ ਦੋਸ਼ੀ ਮੰਗਲ ਦਾਸ ਪੁੱਤਰ ਰਤਨ ਲਾਲ ਵਾਸੀ ਗਾਂਧੀ ਕੈਂਪ ਗੁਰਦਾਸਪੁਰ ਰੋਡ ਬਟਾਲਾ ਨੂੰ 24 ਘੰਟਿਆਂ ਦੇ ਵਿਚ ਗ੍ਰਿਫਤਾਰ ਕਰਕੇ ਚੋਰੀ ਕੀਤੇ ਗਏ ਸਮਾਨ ਨੂੰ ਬਰਾਮਦ ਕਰ ਲਿਆ ਹੈ। ਪੁਲਿਸ ਵਲੋਂ ਇਨ੍ਹਾਂ ਮੁਲਜ਼ਮਾਂ ਤੋਂ 3 ਲੱਖ 36 ਹਜ਼ਾਰ ਭਾਰਤੀ ਕਰੰਸੀ ਨੋਟ ਇੱਕ ਸੋਨੇ ਦਾ ਸੈੱਟ 3 ਸੋਨੇ ਦੇ ਬਰੇਸਲੇਟ ਇੱਕ ਹੀਰੇ ਦਾ ਬਰੇਸਲੇਟ 4 ਹੀਰਿਆਂ ਦੀਆਂ ਅੰਗੂਠੀਆਂ ਇੱਕ ਸਟਿੰਗ ਸੈੱਟ ਇੱਕ ਲੇਡੀਜ਼ ਘੜੀ ਇੱਕ ਜੋੜਾ ਡਾਇਮੰਡ ਟਾਪਸ ਅਤੇ ਇੱਕ ਆਈਫੋਨ 11 ਬਰਾਮਦ ਕੀਤਾ ਗਿਆ ਹੈ।