ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਸ੍ਰੀ ਮਾਛੀਵਾੜਾ ਸਾਹਿਬ ਚ ਮਾਛੀਵਾੜਾ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਦੇ ਨਵੇਂ ਨਿਯੁਕਤ ਹੋਏ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਜੈਪਾਲ ਸਿੰਘ ਗਿੱਲ ਨੇ ਆਪਣੀ ਕੋਠੀ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਬੀਤੀ ਰਾਤ ਅਜੈਪਾਲ ਸਿੰਘ ਗਿੱਲ ਪਿੰਡ ਵਿੱਚ ਆਪ ਦੇ ਆਗੂਆਂ ਨਾਲ ਮੀਟਿੰਗਾਂ ਵਿੱਚ ਰੁੱਝੇ ਹੋਏ ਸਨ। ਰਾਤ ਦੇ ਕਰੀਬ 9 ਵਜੇ ਉਹ ਲੁਧਿਆਣਾ ਸਥਿਤ ਆਪਣੇ ਘਰ ਪਰਤਿਆ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਘਰ ਵਿੱਚ ਸਿਰਫ਼ ਉਸ ਦੀ ਪਤਨੀ ਅਤੇ ਬੇਟੀ ਹੀ ਸਨ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਸੌਣ ਦੇ ਲਈ ਆਪਣੇ ਕਮਰੇ ਵਿੱਚ ਚਲਾ ਗਿਆ। ਸਵੇਰੇ ਜਦੋਂ ਉਹ ਕਮਰੇ ਵਿਚੋਂ ਬਾਹਰ ਨਾ ਆਇਆ ਤਾਂ ਪਤਨੀ ਦੇ ਖੜਕਾਉਣ ਤੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਪਤਨੀ ਨੇ ਖਿੜਕੀ ਵਿਚ ਦੇਖਿਆ ਤਾਂ ਪਤੀ ਦੀ ਲਾਸ਼ ਪੱਖੇ ਦੇ ਨਾਲ ਲਟਕ ਰਹੀ ਸੀ। ਪਤਨੀ ਨੇ ਤੁਰੰਤ ਹੀ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਅਤੇ ਐਸਐਚਓ ਵਿਜੇ ਕੁਮਾਰ ਵੀ ਮੌਕੇ ਉਤੇ ਪਹੁੰਚ ਗਏ। ਚੇਅਰਮੈਨ ਅਜੈਪਾਲ ਗਿੱਲ ਨੇ ਆਪਣੇ ਪਰਨੇ ਨੂੰ ਪੱਖੇ ਨਾਲ ਬੰਨ੍ਹ ਕੇ ਖੁਦਕੁਸ਼ੀ ਕਰ ਲਈ।
ਕਮਰੇ ਦੇ ਵਿਚੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ ਜਿਸ ਨਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗ ਸਕੇ। ਦੋ ਦਿਨ ਪਹਿਲਾਂ ਹੀ ਅਹੁਦੇਦਾਰਾਂ ਦੀ ਚੋਣ ਵਿੱਚ ਉਨ੍ਹਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਅਜੈਪਾਲ ਸਿੰਘ ਗਿੱਲ ਦਾ ਲੜਕਾ ਨਿਊਜ਼ੀਲੈਂਡ ਵਿਚ ਰਹਿੰਦਾ ਹੈ ਅਤੇ ਇਕ ਧੀ ਦੁਬਈ ਵਿਚ ਰਹਿੰਦੀ ਹੈ। ਦੋਵਾਂ ਦੇ ਆਉਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ ਹੈ।
ਨਵਾਂ ਅਹੁਦਾ ਮਿਲਣ ਤੇ ਅਜੈਪਾਲ ਸਿੰਘ ਗਿੱਲ ਬਹੁਤ ਖੁਸ਼ ਸਨ। ਬੀਤੀ ਰਾਤ ਉਨ੍ਹਾਂ ਦੇ ਸਾਥੀ ਸੁਖਵਿੰਦਰ ਸਿੰਘ ਗਿੱਲ ਕੇਵਲ ਸਿੰਘ ਹੇਡੋਂ ਨੇ ਦੱਸਿਆ ਕਿ ਉਹ ਆਸ-ਪਾਸ ਦੇ ਪਿੰਡਾਂ ਵਿੱਚ ਖੇਤੀਬਾੜੀ ਸਬੰਧੀ ਮੀਟਿੰਗਾਂ ਕਰਦੇ ਰਹੇ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ।