ਪੰਜਾਬ ਵਿਚ ਜਿਲ੍ਹਾ ਪਟਿਆਲਾ ਪੁਲਿਸ ਲਾਈਨ ਵਿਚ ਬਣੇ ਕੁਆਰਟਰ ‘ਚ ਐਤਵਾਰ ਦੀ ਦੁਪਹਿਰ ਨੂੰ ਹੋਈ ਘਰੇਲੂ ਲੜਾਈ ਤੋਂ ਬਾਅਦ ਇੱਕ ਏਐਸਆਈ ਨੇ ਆਪਣੀ ਪਤਨੀ ਦੀ ਸਰਵਿਸ ਰਿਵਾਲਵਰ ਦੇ ਨਾਲ ਹੱਤਿਆ ਕਰਨ ਤੋਂ ਬਾਅਦ ਆਪਣੇ ਸਿਰ ਵਿਚ ਗੋਲੀ ਮਾਰ ਲਈ। ਦੋਵਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਮੁੱਢਲੀ ਜਾਂਚ ਤੋਂ ਬਾਅਦ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਏ.ਐੱਸ.ਆਈ ਨੂੰ ਗੰਭੀਰ ਹਾਲਤ ਵਿਚ ਸ਼ਾਮ ਨੂੰ ਪੀ.ਜੀ.ਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ।
ਇਸ ਮਾਮਲੇ ਸਬੰਧੀ ਦੀਪਕ ਪਾਰਿਕ ਨੇ ਦੱਸਿਆ ਕਿ ਮੂਲ ਰੂਪ ਵਿਚ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਏਐੱਸਆਈ ਦਵਿੰਦਰ ਕੁਮਾਰ ਪੁਲਿਸ ਲਾਈਨ ਵਿਚ ਬਣੇ 182 ਨੰਬਰ ਦੇ ਰਿਹਾਇਸ਼ੀ ਕੁਆਰਟਰ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਸ਼ਨੀਵਾਰ ਦੁਪਹਿਰ ਕਰੀਬ 2 ਵਜੇ ਦਵਿੰਦਰ ਕੁਮਾਰ ਦਾ ਆਪਣੀ ਪਤਨੀ ਸੁਮਨ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਗੁੱਸੇ ਵਿਚ ਆਏ ਏ.ਐੱਸ.ਆਈ ਦਵਿੰਦਰ ਕੁਮਾਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੀ ਪਤਨੀ ਸੁਮਨ ਨੂੰ ਗੋਲੀ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਉਸ ਨੇ ਆਪਣੇ ਸਿਰ ਵਿਚ ਵੀ ਗੋਲੀ ਮਾਰ ਲਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਦੇਖਿਆ ਕਿ ਸੁਮਨ ਖੂਨ ਨਾਲ ਲੱਥਪੱਥ ਜ਼ਮੀਨ ਉਪਰ ਪਈ ਸੀ ਅਤੇ ਦਵਿੰਦਰ ਕੁਮਾਰ ਖੁਦ ਦਰਦ ਨਾਲ ਬੁਰੀ ਤਰ੍ਹਾਂ ਤੜਫ ਰਿਹਾ ਸੀ।
ਲੋਕਾਂ ਵਲੋਂ ਦੋਵਾਂ ਨੂੰ ਤੁਰੰਤ ਹੀ ਸਰਕਾਰੀ ਰਾਜਿੰਦਰਾ ਹਸਪਤਾਲ ਲਜਾਇਆ ਗਿਆ। ਜਿੱਥੇ ਡਾਕਟਰਾਂ ਨੇ ਸੁਮਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦਵਿੰਦਰ ਕੁਮਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਗੋਲੀ ਉਸ ਦੇ ਸਿਰ ਵਿਚੋਂ ਲੰਘ ਗਈ ਹੈ। ਐਸਐਸਪੀ ਨੇ ਦੱਸਿਆ ਕਿ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਵੱਲੋਂ ਦਵਿੰਦਰ ਕੁਮਾਰ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏਐਸਆਈ ਦਵਿੰਦਰ ਕੁਮਾਰ ਦੀ ਡਿਊਟੀ ਪੀ.ਸੀ.ਆਰ. ਵਿਚ ਹੈ। ਇਨ੍ਹੀਂ ਦਿਨੀਂ ਉਹ ਛੁੱਟੀ ਤੇ ਗਿਆ ਹੋਇਆ ਸੀ। ਪੁਲੀਸ ਅਨੁਸਾਰ ਦਵਿੰਦਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਹਰਿਆਣਾ ਵਿੱਚ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਬਿਆਨਾਂ ਤੇ ਹੀ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਘਟਨਾ ਸਮੇਂ ਪਤੀ-ਪਤਨੀ ਦੋਵੇਂ ਇਕੱਲੇ ਘਰ ਵਿੱਚ ਸਨ।