ਅੱਖਾਂ ਵਿਚ ਮਿਰਚਾਂ ਪਾ ਕੇ ਅਣਪਛਾਤੇ ਨੌਜਵਾਨ ਕਰ ਗਏ ਕਾਂਡ, ਜਾਂਦੇ ਹੋਏ ਮਾਰ ਗਏ ਫਾਇਰ, ਪੁਲਿਸ ਜਾਂਚ ਜਾਰੀ, ਲੱਖਾਂ ਦਾ ਮਾਮਲਾ

Punjab

ਪੰਜਾਬ ਵਿਚ ਫਤਿਹਗੜ੍ਹ ਸਾਹਿਬ ਮੰਡੀ ਗੋਬਿੰਦਗੜ੍ਹ ਦੇ ਪ੍ਰੀਤ ਨਗਰ ਇਲਾਕੇ ਵਿਚ ਲੋਹੇ ਦੇ ਵਪਾਰੀ ਦੀ ਗੋਲੀ ਮਾਰ ਕੇ 12 ਲੱਖ ਰੁਪਏ ਲੁੱਟਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਲੁਟੇਰਿਆਂ ਨੇ ਨੌਕਰ ਦੀਆਂ ਅੱਖਾਂ ਦੇ ਵਿਚ ਮਿਰਚਾਂ ਦਾ ਪਾਊਡਰ ਪਾ ਦਿੱਤਾ ਅਤੇ ਫਿਰ ਉਸ ਦੇ ਪੇਟ ਵਿਚ ਗੋਲੀ ਮਾਰ ਦਿੱਤੀ। ਫਿਰ ਉਸ ਤੋਂ ਪੈਸਿਆਂ ਨਾਲ ਭਰਿਆ ਬੈਗ ਲੁੱਟ ਕੇ ਫਰਾਰ ਹੋ ਗਏ। ਇਨ੍ਹਾਂ ਲੁਟੇਰਿਆਂ ਦੀ ਗਿਣਤੀ ਤਿੰਨ ਦੱਸੀ ਜਾ ਰਹੀ ਹੈ। ਦੋਸ਼ੀ ਮੋਟਰਸਾਈਕਲ ਤੇ ਆਏ ਸਨ। ਵਾਰਦਾਤ ਵਿਚ ਜ਼ਖ਼ਮੀ ਦੀ ਪਛਾਣ ਪਰਮਿੰਦਰ ਸਿੰਘ ਮੋਟੂ ਵਾਸੀ ਸਰਹਿੰਦ ਬਾੜਾ ਦੇ ਰੂਪ ਵਜੋਂ ਹੋਈ ਹੈ। ਉਸ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਹੈ।

ਗੋਲੀ ਜ਼ਖਮੀ ਵਿਅਕਤੀ ਦੇ ਢਿੱਡ ਵਿੱਚ ਫਸੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀਤ ਨਗਰ ਅਤੇ ਕੁੱਕੜ ਮਾਜਰਾ ਇਲਾਕੇ ਵਿੱਚ ਸਥਿਤ ਯੁਵਰਾਜ ਇੰਪੈਕਸ ਵਿੱਚ ਕੰਮ ਕਰਨ ਵਾਲਾ ਪਰਮਿੰਦਰ ਮੋਟੂ ਆਪਣੇ ਦਫ਼ਤਰ ਵਿੱਚ ਨਕਦੀ ਲੈ ਕੇ ਸਰਹਿੰਦ ਤੋਂ ਮੰਡੀ ਗੋਬਿੰਦਗੜ੍ਹ ਵੱਲ ਆ ਰਿਹਾ ਸੀ। ਉਸ ਦੀ ਰੈਕੀ ਕੀਤੀ ਜਾ ਰਹੀ ਸੀ। ਜਿਵੇਂ ਹੀ ਮੋਟੂ ਨਕਦੀ ਲੈ ਕੇ ਦਫਤਰ ਦੀਆਂ ਪੌੜੀਆਂ ਚੜ੍ਹਿਆ ਤਾਂ ਲੁਟੇਰਿਆਂ ਨੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਦਾ ਪਾਊਡਰ ਪਾ ਕੇ ਉਸ ਤੋਂ ਨਕਦੀ ਖੋਹ ਲਈ ਅਤੇ ਜਾਂਦੇ ਹੋਇਆਂ ਲੁਟੇਰਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ।

ਇਸ ਘਟਨਾ ਤੋਂ ਤੁਰੰਤ ਬਾਅਦ ਹੀ ਗੋਬਿੰਦਗੜ੍ਹ ਪੁਲਸ ਮੌਕੇ ਤੇ ਪਹੁੰਚ ਗਈ ਅਤੇ ਕਈ ਥਾਵਾਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਪਰਮਿੰਦਰ ਮੋਟੂ ਤੋਂ ਜਿਸ ਫਰਮ ਦੀ ਨਕਦੀ ਖੋਹੀ ਗਈ ਹੈ, ਉਹ ਕਪਿਲ ਅਰੋੜਾ ਦੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਉਕਤ ਨਕਦੀ ਮਾਲਕ ਦੇ ਘਰੋਂ ਲਿਆਂਦੀ ਗਈ ਸੀ। ਥਾਣਾ ਮੰਡੀ ਗੋਬਿੰਦਗੜ੍ਹ ਦੇ ਐਸਐਚਓ ਜਮੀਲ ਮੁਹੰਮਦ ਨੇ ਦੱਸਿਆ ਹੈ ਕਿ ਪੁਲੀਸ ਇਸ ਮਾਮਲੇ ਵਿੱਚ ਵੱਖੋ-ਵੱਖ ਪੁਆਇੰਟਾਂ ਤੇ ਕੰਮ ਕਰ ਰਹੀ ਹੈ।

Leave a Reply

Your email address will not be published. Required fields are marked *