ਪੰਜਾਬ ਵਿਚ ਜਿਲ੍ਹਾ ਸੰਗਰੂਰ ਦੇ ਪਿੰਡ ਭੱਟੀਵਾਲ ਕਲਾਂ ਤੋਂ ਪਿੰਡ ਘਨੌਰ ਜੱਟਾਂ ਨੂੰ ਜਾਂਦੀ ਸੜਕ ਤੇ ਬੀਤੇ ਦਿਨੀਂ ਇੱਕ ਦਰਦਨਾਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਵਿਚ ਕਾਰ ਚ ਅੱਗ ਲੱਗਣ ਕਾਰਨ ਕਾਰ ਵਿਚ ਸਵਾਰ ਔਰਤ ਸੜ ਕੇ ਸੁਆਹ ਹੋ ਗਈ ਅਤੇ ਕਾਰ ਡਰਾਈਵਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਹ ਅੱਗ ਇੰਨੀ ਭਿਆਨਕ ਸੀ ਕਿ ਔਰਤ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ।
ਘਟਨਾ ਸਥਾਨ ਤੇ ਫਾਇਰ ਬ੍ਰਿਗੇਡ ਦੀ ਗੱਡੀ ਦੇ ਦੇਰੀ ਨਾਲ ਪਹੁੰਚਣ ਤੇ ਗੁੱਸੇ ‘ਚ ਆਏ ਰਾਹਗੀਰ ਕਾਰ ਅੱਗੇ ਖੜ੍ਹੇ ਹੋ ਗਏ। ਲੋਕਾਂ ਨੇ ਪੰਜਾਬ ਸਰਕਾਰ ਅਤੇ ਫਾਇਰ ਬ੍ਰਿਗੇਡ ਖ਼ਿਲਾਫ਼ ਕਾਫੀ ਨਾਅਰੇਬਾਜ਼ੀ ਕੀਤੀ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਰਿਕਸ਼ੇ ਤੇ ਰੇਹੜੀ ਵਾਲਿਆਂ ਨਾਲ ਕਾਰ ਦੇ ਪਿੱਛੇ ਜਾ ਰਿਹਾ ਸੀ। ਜਦੋਂ ਕਾਰ ਪਿੰਡ ਘਨੌਰ ਜਟਾ ਤੋਂ ਥੋੜੀ ਪਿੱਛੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਵਲੋਂ ਅਚਾਨਕ ਕੱਟ ਮਾਰ ਦੇਣ ਕਾਰਨ ਕਾਰ ਆਪਣਾ ਸੰਤੁਲਨ ਗੁਆ ਬੈਠੀ ਅਤੇ ਸੜਕ ਦੇ ਕਿਨਾਰੇ ਲੱਗੇ ਦਰੱਖਤ ਵਿੱਚ ਜਾ ਟਕਰਾਈ। ਕਾਰ ਵਿੱਚ ਗੈਸ ਕਿੱਟ ਲੱਗੇ ਹੋਣ ਕਾਰਨ ਕਾਰ ਵਿੱਚ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਕਾਰ ਦਾ ਡਰਾਈਵਰ ਨਹਿਰ ਵਿਚ ਡਿੱਗ ਗਿਆ ਅਤੇ ਨਾਲ ਵਾਲੀ ਸੀਟ ਤੇ ਬੈਠੀ ਔਰਤ ਅੱਗ ਦੀ ਲਪੇਟ ਵਿਚ ਆ ਕੇ ਝੁਲਸ ਗਈ। ਉਨ੍ਹਾਂ ਦੱਸਿਆ ਕਿ ਬੁਰੀ ਤਰ੍ਹਾਂ ਸੜੇ ਡਰਾਈਵਰ ਨੂੰ ਰੱਸੀ ਦੀ ਮਦਦ ਨਾਲ ਨਹਿਰ ਚੋਂ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਨਿੱਜੀ ਕਾਰ ਵਿਚ ਭਵਾਨੀਗੜ੍ਹ ਹਸਪਤਾਲ ਚ ਦਾਖਲ ਕਰਾਇਆ ਗਿਆ। ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਰੈਫਰ ਕਰ ਦਿੱਤਾ।
ਉਥੇ ਮੌਕੇ ਤੇ ਮੌਜੂਦ ਰਾਹਗੀਰਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਾਅਦ ਚ 3.35 ਵਜੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਇਕ ਘੰਟਾ ਦੇਰੀ ਨਾਲ ਆਈ ਉਦੋਂ ਤੱਕ ਕਾਰ ਅਤੇ ਕਾਰ ਵਿਚ ਸਵਾਰ ਔਰਤ ਸੜ ਕੇ ਸੁਆਹ ਹੋ ਚੁੱਕੇ ਸੀ। ਮੌਕੇ ਤੇ ਮੌਜੂਦ ਪਿੰਡ ਖਾਨਪੁਰ ਫਕੀਰ ਦੇ ਵਸਨੀਕ ਸੰਸਾਰ ਸਿੰਘ ਪੁੱਤਰ ਹਰੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਬਿਕਰਮਜੀਤ ਸਿੰਘ ਉਰਫ਼ ਸੋਨੀ ਪੁੱਤਰ ਰਾਮਪਾਲ ਸਿੰਘ ਅੱਜ ਕਾਰ ਵਿਚ ਆਪਣੀ ਪਤਨੀ ਸਿਮਰਨ ਕੌਰ ਦੀ ਦਵਾਈ ਲੈਣ ਲਈ ਪਟਿਆਲਾ ਗਿਆ ਸੀ ਜੋ ਕਿ ਵਾਪਸ ਆ ਰਿਹਾ ਸੀ। ਉਸ ਸਮੇਂ ਇਹ ਹਾਦਸਾ ਵਾਪਰਿਆ ਇਸ ਵਿੱਚ ਬਿਕਰਮਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਪਤਨੀ ਸਿਰਮਨ ਕੌਰ ਦੀ ਕਾਰ ਵਿੱਚ ਹੀ ਜ਼ਿੰਦਾ ਸੜ ਕੇ ਮੌਤ ਹੋ ਗਈ।