ਪੰਜਾਬ ਵਿੱਚ ਜਿਲ੍ਹਾ ਜਲੰਧਰ ਦੇ ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਟੈਕਨਾਲੋਜੀ ਵਿੱਚ ਐਤਵਾਰ ਤੋਂ ਸੋਮਵਾਰ ਦਰਮਿਆਨ ਹੋਏ ਝਗੜੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਡਿਵੀਏਟ ਦੇ ਹੋਸਟਲ ਵਿੱਚ ਇੱਕ ਵਿਦਿਆਰਥੀ ਦੇ ਜਨਮ ਦਿਨ ਦੀ ਪਾਰਟੀ ਦੇ ਦੌਰਾਨ ਦੋ ਗੁੱਟਾਂ ਵਿੱਚ ਝੜਪ ਹੋ ਗਈ। ਲੜਦੇ ਹੋਏ ਦੋਵੇਂ ਧੜੇ ਹੋਸਟਲ ਦੀ ਤੀਜੀ ਮੰਜ਼ਿਲ ਉਪਰ ਪਹੁੰਚ ਗਏ। ਉਥੇ ਲੜਾਈ ਦੌਰਾਨ ਰੇਲਿੰਗ ਟੁੱਟ ਜਾਣ ਕਾਰਨ ਦੋ ਵਿਦਿਆਰਥੀ ਤੀਜੀ ਮੰਜ਼ਿਲ ਤੋਂ ਥੱਲੇ ਡਿੱਗ ਗਏ।
ਹੇਠ ਡਿੱਗੇ ਵਿਦਿਆਰਥੀਆਂ ਚੋਂ ਇਕ ਵਿਦਿਆਰਥੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਕ੍ਰਿਸ਼ਨ ਕੁਮਾਰ ਯਾਦਵ ਵਜੋਂ ਹੋਈ ਹੈ। ਕ੍ਰਿਸ਼ਨ ਯਾਦਵ ਦਾਨਾਪੁਰ ਪੂਰਨੀਆ (ਬਿਹਾਰ) ਦਾ ਰਹਿਣ ਵਾਲਾ ਸੀ ਅਤੇ ਡਿਵੀਏਟ ਤੋਂ ਬੀਐਸਸੀ ਕਰ ਰਿਹਾ ਸੀ। ਜ਼ਖਮੀ ਵਿਦਿਆਰਥੀ ਦੀ ਪਛਾਣ ਅਮਨ ਵਜੋਂ ਹੋਈ ਹੈ ਅਤੇ ਉਹ ਬੀਐਸਸੀ ਦਾ ਵਿਦਿਆਰਥੀ ਵੀ ਹੈ ਅਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ।
ਦੋ ਗੁੱਟਾਂ ਵਿੱਚ ਹੋਈ ਲੜਾਈ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ
ਇਥੇ ਕਾਲਜ ਦੇ ਹੋਸਟਲ ਵਿੱਚ ਲੱਗੇ ਸੀਸੀਟੀਵੀ ਫੁਟੇਜ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਚਾਰ ਵਿਦਿਆਰਥੀ ਆਪਸ ਦੇ ਵਿੱਚ ਲੜ ਰਹੇ ਸਨ।ਇਸ ਦੌਰਾਨ ਕ੍ਰਿਸ਼ਨਾ ਅਤੇ ਅਮਨ ਰੇਲਿੰਗ ਵੱਲ ਆ ਕੇ ਲੜਦੇ ਹਨ। ਇਸ ਤੋਂ ਬਾਅਦ ਜਦੋਂ ਦੋਵੇਂ ਰੇਲਿੰਗ ਤੋਂ ਹੇਠਾਂ ਡਿੱਗ ਪਏ ਤਾਂ ਬਾਕੀ ਵਿਦਿਆਰਥੀ ਘਬਰਾ ਕੇ ਉਨ੍ਹਾਂ ਨੂੰ ਦੇਖਣ ਲਈ ਰੇਲਿੰਗ ਤੇ ਆ ਗਏ। ਇਸ ਘਟਨਾ ਵਿਚ ਕ੍ਰਿਸ਼ਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਅਮਨ ਜ਼ਖਮੀ ਹੋ ਗਿਆ। ਵਿਦਿਆਰਥੀ ਵੈਲਫੇਅਰ ਸੋਸਾਇਟੀ ਅਤੇ ਡਿਵੀਏਟ ਦੇ ਹੋਸਟਲ ਦੇ ਇੰਚਾਰਜ ਡਾ: ਸੰਜੀਵ ਨਵਲ ਨੇ ਝਗੜੇ ਦੀ ਪੁਸ਼ਟੀ ਕੀਤੀ ਹੈ।
ਇਸ ਸਬੰਧੀ ਸੰਜੀਵ ਨਵਲ ਨੇ ਦੱਸਿਆ ਕਿ ਵਿਦਿਆਰਥੀ ਨੇ ਰਾਤ ਨੂੰ ਹੋਸਟਲ ਵਿੱਚ ਜਨਮ ਦਿਨ ਦੀ ਪਾਰਟੀ ਰੱਖੀ ਸੀ। ਇਸ ਨੂੰ ਲੈ ਕੇ ਕ੍ਰਿਸ਼ਨ ਯਾਦਵ ਅਤੇ ਬਿਹਾਰ ਦੇ ਅਮਨ ਵਿਚਾਲੇ ਬਹਿਸ ਹੋ ਗਈ। ਲੜਾਈ ਦੌਰਾਨ ਦੋਵੇਂ ਹੋਸਟਲ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਪਏ। ਹੋਸਟਲ ਪ੍ਰਬੰਧਕਾਂ ਨੇ ਦੋਵਾਂ ਵਿਦਿਆਰਥੀਆਂ ਨੂੰ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ।
ਹਸਪਤਾਲ ਵਿਚ ਡਾਕਟਰਾਂ ਨੇ ਕ੍ਰਿਸ਼ਨ ਯਾਦਵ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਅਮਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਦੇ ਡਵੀਜ਼ਨ ਨੰਬਰ ਦੋ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਰਾਤ ਨੂੰ ਹੋਈ ਲੜਾਈ ਤੋਂ ਬਾਅਦ ਸੋਮਵਾਰ ਸਵੇਰੇ ਅਫਵਾਹ ਫੈਲ ਗਈ ਕਿ ਵਿਦਿਆਰਥੀ ਨੇ ਡਿਵੀਏਟ ਹੋਸਟਲ ਵਿੱਚ ਖੁਦਕੁਸ਼ੀ ਕਰ ਲਈ ਹੈ। ਕੁਝ ਸਮੇਂ ਬਾਅਦ ਚਰਚਾ ਹੋਈ ਕਿ ਵਿਦਿਆਰਥੀ ਦਾ ਕਤਲ ਹੋ ਗਿਆ ਹੈ।