ਪੰਜਾਬ ਵਿਚ ਜਲੰਧਰ ਸ਼ਹਿਰ ਦੇ ਹਰਦੀਪ ਨਗਰ ਨੇੜੇ ਇੱਕ ਸੜਕ ਹਾਦਸੇ ਦੇ ਵਿੱਚ ਬਰਗਰ ਕਿੰਗ ਦੇ ਮੁਲਾਜ਼ਮ ਦੀ ਮੌਤ ਹੋ ਗਈ ਹੈ। ਇਹ ਹਾਦਸਾ ਪੁਰਾਣਾ ਹੁਸ਼ਿਆਰਪੁਰ ਰੋਡ ਤੇ ਲੰਮਾ ਤੋਂ ਅੱਗੇ ਜੰਡੂ ਸਿੰਘਾ ਰੋਡ ਉਪਰ ਵਾਪਰਿਆ। ਇਹ ਮ੍ਰਿਤਕ ਨੌਜਵਾਨ ਪਠਾਨਕੋਟ ਚੌਕ ਵਿੱਚ ਸਥਿਤ ਬਰਗਰ ਕਿੰਗ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਮਦਾਰਾ (ਆਦਮਪੁਰ) ਦੇ ਵਜੋਂ ਹੋਈ ਹੈ ਜਦੋਂ ਉਹ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਜਾ ਰਿਹਾ ਸੀ ਤਾਂ ਕਿਸੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਹਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਟੱਕਰ ਮਾਰਨ ਵਾਲਾ ਨੌਜਵਾਨ ਆਪਣੀ ਗੱਡੀ ਸਮੇਤ ਹਾਦਸੇ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ।
ਇਹ ਹਾਦਸਾ ਮੰਗਲਵਾਰ ਦੀ ਸਵੇਰੇ ਵਾਪਰਿਆ ਹੈ। ਟੱਕਰ ਤੋਂ ਬਾਅਦ ਪੱਕੀ ਸੜਕ ਤੇ ਡਿੱਗ ਕੇ ਹਰਜੀਤ ਦਾ ਸਿਰ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਿਆ। ਸੜਕ ਤੇ ਖੂਨ ਦੇ ਛਿੱਟੇ ਪਏ ਸਨ।ਹਰਜੀਤ ਸਿੰਘ ਨੇ ਰਾਤ ਦੀ ਸ਼ਿਫਟ ਲਾਈ ਸੀ। ਉਹ ਮੰਗਲਵਾਰ ਸਵੇਰੇ ਰਾਤ ਦੀ ਸ਼ਿਫਟ ਖਤਮ ਕਰਕੇ ਉਹ ਆਪਣੇ ਘਰ ਪਰਤ ਰਿਹਾ ਸੀ ਕਿ ਰਸਤੇ ਵਿਚ ਉਸ ਦੀ ਜਾਨ ਚਲੀ ਗਈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।
ਪੁਲਿਸ ਵਲੋਂ ਹਾਦਸੇ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹਰਜੀਤ ਸਿੰਘ ਦੇ ਬਾਈਕ ਨੂੰ ਟੱਕਰ ਮਾਰਨ ਵਾਲੇ ਵਾਹਨ ਦਾ ਸੀਸੀਟੀਵੀ ਫੁਟੇਜ ਸਕੈਨ ਕਰਨ ਤੋਂ ਬਾਅਦ ਦੋਸ਼ੀ ਦਾ ਪਤਾ ਲਗਾਇਆ ਜਾਵੇਗਾ।ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਬਹੁਤ ਮਿਹਨਤੀ ਸੀ। ਉਹ ਕੁਝ ਦਿਨਾਂ ਵਿਚ ਹੀ ਕੈਨੇਡਾ ਜਾਣ ਵਾਲਾ ਸੀ। ਹਰਜੀਤ ਨੌਕਰੀ ਦੇ ਨਾਲ-ਨਾਲ ਪੜ੍ਹਦਾ ਸੀ। ਪੁਲਸ ਵਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੰਚਨਾਮਾ ਕਰਨ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਹੱਦਬੰਦੀ ਨੂੰ ਲੈ ਕੇ ਉਲਝੀ ਪੁਲਿਸ
ਹਰਜੀਤ ਸਿੰਘ ਦੇ ਕੇਸ਼ ਨੂੰ ਲੈ ਕੇ ਦੋ ਥਾਣਿਆਂ ਦੀ ਪੁਲਿਸ ਆਪਸ ਵਿਚ ਉਲਝ ਗਈ। ਇਹ ਉਲਝਣ ਹੱਦਬੰਦੀ ਨੂੰ ਲੈ ਕੇ ਹੋਈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਵੀ ਮੌਕੇ ਤੇ ਪਹੁੰਚ ਗਈ ਅਤੇ ਦੂਜੇ ਪਾਸੇ ਤੋਂ ਥਾਣਾ ਰਾਮਾਮੰਡੀ ਦੀ ਪੁਲੀਸ ਵੀ ਪਹੁੰਚ ਗਈ। ਦੋਵਾਂ ਵਿੱਚੋਂ ਫਿਰ ਰਾਮਾਮੰਡੀ ਦੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪਹੁੰਚਾਇਆ।