ਪੰਜਾਬ ਦੇ ਜਿਲ੍ਹਾ ਕਪੂਰਥਲਾ ਦਾ ਨੌਜਵਾਨ ਜੋ ਕਿ ਨਿਊਯਾਰਕ ਦੇ ਮੈਰੀਲੈਂਡ ਵਿਚ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਉਸ ਦੀ ਐਤਵਾਰ ਨੂੰ ਇੱਕ ਅਣਪਛਾਤੇ ਹਮਲਾਵਰ ਨੇ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਸਬਾ ਬੇਗੋਵਾਲ ਦੇ ਪਿੰਡ ਅਕਬਰਪੁਰ ਦਾ ਰਹਿਣ ਵਾਲਾ 26 ਸਾਲਾ ਸਤਨਾਮ ਸਿੰਘ ਪੰਜ ਸਾਲ ਪਹਿਲਾਂ ਪਰਿਵਾਰ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਦਾ ਸੁਪਨਾ ਲੈ ਕੇ ਅਮਰੀਕਾ ਗਿਆ ਸੀ ਅਤੇ ਟੈਕਸੀ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਸੀ।
ਸਤਨਾਮ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਰਿਸ਼ਤੇਦਾਰਾਂ ਅਤੇ ਪਿੰਡ ਵਿੱਚ ਮਾਤਮ ਛਾ ਗਿਆ ਹੈ। ਮ੍ਰਿਤਕ ਦੇ ਪਿਤਾ ਰਵੇਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਪੰਜ ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਨਿਊਯਾਰਕ ਦੇ ਮੈਰੀਲੈਂਡ ਸ਼ਹਿਰ ਵਿੱਚ ਟੈਕਸੀ ਚਲਾਉਂਦਾ ਸੀ। ਐਤਵਾਰ ਨੂੰ ਉਸ ਨੂੰ ਕਿਸੇ ਰਿਸ਼ਤੇਦਾਰ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਬੇਟੇ ਨੂੰ ਕੁਝ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਬੇਟੇ ਦੇ ਮ੍ਰਿਤਕ ਸਰੀਰ ਨੂੰ ਭਾਰਤ ਲਿਆਉਣ ਵਿਚ ਮਦਦ ਕਰਨ। ਸਤਨਾਮ ਸਿੰਘ ਆਪਣੇ ਘਰ ਦੇ ਬਾਹਰ ਜੀਪ ਵਿੱਚ ਬੈਠਾ ਸੀ। ਇਸ ਦੌਰਾਨ ਇਕ ਵਿਅਕਤੀ ਨੇ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਹਮਲਾਵਰ ਪੈਦਲ ਹੀ ਸਤਨਾਮ ਸਿੰਘ ਕੋਲ ਪਹੁੰਚਿਆ ਜਦੋਂ ਕਿ ਚਸ਼ਮਦੀਦਾਂ ਮੁਤਾਬਕ ਉਹ ਇਕ ਕਾਰ ਵਿਚ ਆਇਆ ਸੀ ਅਤੇ ਉਸ ਨੇ ਆਉਂਦੇ ਹੀ ਸਤਨਾਮ ਸਿੰਘ ਤੇ ਹਮਲਾ ਕਰ ਦਿੱਤਾ। ਕੁਝ ਚਸ਼ਮਦੀਦਾਂ ਅਨੁਸਾਰ ਹਮਲਾਵਰ ਸਿਲਵਰ ਰੰਗ ਦੀ ਸੇਡਾਨ ਵਿੱਚ ਸਤਨਾਮ ਸਿੰਘ ਦੇ ਘਰ ਦੇ ਨੇੜੇ ਪਹੁੰਚਿਆ ਸੀ।
ਇਹ ਘਟਨਾ ਸਥਾਨ ਨੇੜੇ ਘਰਾਂ ਚ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਈ। ਨਿਊਯਾਰਕ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਰੈਂਗਲਰ ਜੀਪ ਵਿੱਚ ਸਤਨਾਮ ਸਿੰਘ ਬੈਠਾ ਸੀ ਉਹ ਉਸਦੀ ਨਹੀਂ ਸੀ। ਇਸ ਲਈ ਹੋ ਸਕਦਾ ਹੈ ਕਿ ਹਮਲਾਵਰ ਜੀਪ ਦੇ ਮਾਲਕ ਤੇ ਹਮਲਾ ਕਰਨ ਆਏ ਹੋਣ ਅਤੇ ਸਤਨਾਮ ਸਿੰਘ ਦੀ ਹੱਤਿਆ ਕਰ ਦਿੱਤੀ।