ਪੰਜਾਬ ਵਿਚ ਕਪੂਰਥਲਾ ਦੇ ਹਲਕਾ ਭੁਲੱਥ ਚ ਖੇਤ ਵਿੱਚ ਲੱਗੀ ਮੋਟਰ ਦਾ ਲੋਡ ਵਧਾਉਣ ਨੂੰ ਲੈ ਕੇ ਹੋਏ ਝਗੜੇ ਵਿੱਚ ਦੋ ਭਰਾਵਾਂ ਨੇ ਆਪਣੇ ਛੋਟੇ ਭਰਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪਿੰਡ ਗੁਡਾਣੀ ਵਿੱਚ ਦੇਰ ਰਾਤ ਦੋਵੇਂ ਭਰਾ ਆਪਣੇ ਤੀਜੇ ਛੋਟੇ ਭਰਾ ਨੂੰ ਲੋਡ ਵਧਾਉਣ ਲਈ ਕਾਗਜ਼ਾਂ ਤੇ ਦਸਤਖ਼ਤ ਕਰਨ ਲਈ ਕਹਿ ਰਹੇ ਸੀ। ਪਰ ਜ਼ਮੀਨ ਦਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਦੇ ਕਾਰਨ ਛੋਟਾ ਭਰਾ ਦਸਤਖ਼ਤ ਕਰਨ ਤੋਂ ਇਨਕਾਰ ਕਰ ਰਿਹਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਭਰਾਵਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਇਸ ਸਬੰਧੀ ਥਾਣਾ ਸੁਭਾਨਪੁਰ ਦੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਦੋਸ਼ੀ ਹਾਲੇ ਫ਼ਰਾਰ ਦੱਸੇ ਜਾ ਰਹੇ ਹਨ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਜਸਵੀਰ ਸਿੰਘ ਦੀ ਪਤਨੀ ਸਤਵੀਰ ਕੌਰ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਉਸਦਾ ਲੜਕਾ ਸਿਮਰਜੀਤ ਸਿੰਘ ਅਮਰੀਕਾ ਵਿੱਚ ਹੈ। ਉਨ੍ਹਾਂ ਦੀ ਧੀ ਨਵਜੋਤ ਕੌਰ ਵਿਆਹੀ ਹੋਈ ਹੈ। ਪਤੀ ਜਸਵੀਰ ਸਿੰਘ ਦੇ ਤਿੰਨ ਭਰਾ ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਤਰਸੇਮ ਸਿੰਘ ਹਨ। ਉਸ ਦੇ ਪਤੀ ਜਸਵੀਰ ਸਿੰਘ ਸਮੇਤ ਭਰਾਵਾਂ ਹਰਜਿੰਦਰ ਸਿੰਘ ਅਤੇ ਲਖਵਿੰਦਰ ਦੀ ਪਿੰਡ ਦੀ ਫਿਰਨੀ ਤੇ ਕਰੀਬ 16 ਮਰਲੇ ਜ਼ਮੀਨ ਹੈ। ਜਿਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਜ਼ਮੀਨ ਕਾਰਨ ਉਸ ਦੇ ਪਤੀ ਦਾ ਆਪਣੇ ਦੋ ਭਰਾਵਾਂ ਹਰਜਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਨਾਲ ਝਗੜਾ ਰਹਿੰਦਾ ਸੀ। ਪਾਣੀ ਲਾਉਣ ਲਈ ਦੋ ਮੋਟਰਾਂ ਸਾਂਝੀਆਂ ਹਨ। ਜਿਸ ਤੋਂ ਪਾਣੀ ਦੀ ਵਰਤੋਂ ਜ਼ਮੀਨ ਤੇ ਖੇਤੀ ਲਈ ਕੀਤੀ ਜਾਂਦੀ ਹੈ। ਉਸ ਨੇ ਦੱਸਿਆ ਕਿ ਮੋਟਰ ਦਾ ਲੋਡ ਵਧਾਉਣ ਨੂੰ ਲੈ ਕੇ ਉਸ ਦੇ ਪਤੀ ਜਸਵੀਰ ਸਿੰਘ ਦਾ ਦੋਵਾਂ ਭਰਾਵਾਂ ਨਾਲ ਝਗੜਾ ਚੱਲ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਬੁੱਧਵਾਰ ਦੇਰ ਰਾਤ ਕਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਗੁਡਾਣੀ ਹਾਲ ਵਾਸੀ ਗੋਬਿੰਦ ਨਗਰ ਜਲੰਧਰ ਉਨ੍ਹਾਂ ਦੇ ਘਰ ਆਇਆ ਅਤੇ ਉਸ ਦੇ ਪਤੀ ਨੂੰ ਕਿਹਾ ਕਿ ਉਹ ਆਪਣੇ ਘਰ ਜਾਂ ਮੋਟਰ ਤੇ ਆਵੇ। ਤੁਹਾਡੇ ਦੋ ਭਰਾਵਾਂ ਹਰਜਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਨੇ ਬੁਲਾਇਆ ਹੈ। ਇਸ ਤੇ ਉਹ ਅਤੇ ਉਸ ਦਾ ਪਤੀ ਜਸਵੀਰ ਸਿੰਘ ਉਸ ਥਾਂ ਤੇ ਗਏ ਜਿੱਥੇ ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਉਸ ਦੀ ਜਠਾਣੀ ਸੁਖਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਮੌਜੂਦ ਸਨ। ਉਥੇ ਪਹੁੰਚ ਕੇ ਉਕਤ ਵਿਅਕਤੀਆਂ ਨੇ ਉਸ ਦੇ ਪਤੀ ਨੂੰ ਕਾਗਜ਼ਾਂ ਤੇ ਦਸਤਖਤ ਕਰਵਾ ਕੇ ਮੋਟਰ ਦਾ ਲੋਡ ਵਧਾਉਣ ਲਈ ਕਹਿਣ ਲੱਗੇ ਤਾਂ ਉਸ ਦੇ ਪਤੀ ਨੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਜੇਠਾਣੀ ਸੁਖਵਿੰਦਰ ਕੌਰ ਦੀ ਉਸ ਦੇ ਪਤੀ ਜਸਵੀਰ ਸਿੰਘ ਨਾਲ ਹੱਥੋਪਾਈ ਹੋ ਗਈ। ਜਿਵੇਂ ਹੀ ਉਸ ਨੇ ਰੌਲਾ ਪਾਇਆ ਤਾਂ ਤਿੰਨੋਂ ਉਸ ਦੇ ਪਤੀ ਨੂੰ ਘਸੀਟ ਕੇ ਕਰਮਜੀਤ ਸਿੰਘ ਪੰਮਾ ਦੇ ਘਰ ਅੰਦਰ ਲੈ ਗਏ ਅਤੇ ਉਸ (ਸਤਵੀਰ ਕੌਰ) ਨੂੰ ਧੱਕਾ ਦੇ ਕੇ ਅੰਦਰੋਂ ਗੇਟ ਬੰਦ ਕਰ ਦਿੱਤਾ।
ਕਮਰੇ ਚ ਮੌਜੂਦ ਲੋਕਾਂ ਨੇ ਉਸ ਦੇ ਪਤੀ ਦੀ ਕੁੱਟਮਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਕੁਝ ਸਮੇਂ ਬਾਅਦ ਉਸ ਦੇ ਪਤੀ ਨੂੰ ਘਸੀਟ ਕੇ ਘਰੋਂ ਬਾਹਰ ਕੱਢ ਕੇ ਮੋਟਰ ਦੇ ਕੋਲ ਲੈ ਆਏ । ਜਸਵੀਰ ਸਿੰਘ ਨੂੰ ਗੁਆਂਢੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਜਸਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸੁਭਾਨਪੁਰ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕ ਦੇ ਭਰਾ ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਸੁਖਵਿੰਦਰ ਕੌਰ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਜਾਂਚ ਵਿੱਚ ਲੱਗੀ ਹੋਈ ਹੈ ਅਤੇ ਜਲਦੀ ਹੀ ਤਿੰਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।