ਇਹ ਦੁਖਦਾਈ ਖ਼ਬਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਤੋਂ ਹੈ। ਇਥੇ ਸੋਮਵਾਰ ਨੂੰ ਇਕ ਬੱਸ ਘਾਟੀ ਵਿਚ ਡਿੱਗ ਗਈ, ਜਿਸ ਕਾਰਨ 13 ਯਾਤਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਸ਼ੁਰੂਆਤੀ ਰਿਪੋਰਟਾਂ ਚ ਮਰਨ ਵਾਲਿਆਂ ਦੀ ਗਿਣਤੀ 16 ਦੱਸੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਸ਼ੇਨਸ਼ੇਰ ਤੋਂ ਕੁੱਲੂ ਜਾ ਰਹੀ ਸੀ ਜਦੋਂ ਸਵੇਰੇ ਕਰੀਬ 8.30 ਵਜੇ ਜੰਗਲਾ ਪਿੰਡ ਦੇ ਕੋਲ ਇੱਕ ਮੋੜ ਉਤੇ ਇਹ ਘਾਟੀ ਵਿੱਚ ਡਿੱਗ ਗਈ। ਇਸ ਹਾਦਸੇ ਆਪਣੀ ਜਾਨ ਨੂੰ ਗੁਆਉਣ ਵਾਲੀ ਝਬਲੂ ਦੇਵੀ ਦੇ ਰਿਸ਼ਤੇਦਾਰ ਤੇਜ ਪ੍ਰਕਾਸ਼ ਨੇ ਪੀੜਤਾਂ ਨੂੰ ਬਚਾਉਣ ਦੇ ਕੰਮ ਚ ਪ੍ਰਸ਼ਾਸਨ ‘ਤੇ ਢਿੱਲ ਵਰਤਣ ਦਾ ਦੋਸ਼ ਲਗਾਇਆ ਹੈ।
ਉਨ੍ਹਾਂ ਕਿਹਾ ਕਿ ਝਬਲੂ ਦੇਵੀ ਨੂੰ ਹਾਦਸੇ ਵਾਲੀ ਥਾਂ ਤੋਂ ਹਸਪਤਾਲ ਪਹੁੰਚਾਉਣ ਵਿੱਚ ਕਰੀਬ ਤਿੰਨ ਘੰਟੇ ਦਾ ਸਮਾਂ ਲੱਗਾ, ਜੇਕਰ ਪ੍ਰਸ਼ਾਸਨ ਜਲਦੀ ਕਾਰਵਾਈ ਕਰਦਾ ਤਾਂ ਕੁਝ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਤਨੂ, ਪ੍ਰੇਮ ਚੰਦ, ਫਤਿਹ ਚੰਦ, ਅਨੀਤਾ ਦੇਵੀ, ਸੁਸ਼ੀਲ ਕੁਮਾਰ, ਖਿਮ ਦਾਸੀ, ਰੋਸ਼ਨੀ ਦੇਵੀ, ਪਾਰਵਤੀ ਦੇਵੀ, ਝਬਲੂ ਦੇਵੀ, ਅਮਿਤ ਕੁਮਾਰ ਰਜਕ, ਆਕਾਸ਼, ਸੰਜੇ ਕੁਮਾਰ ਅਤੇ ਰਾਖੀ ਮਾਇਆ ਵਜੋਂ ਹੋਈ ਹੈ।
ਇਸ ਹਾਦਸੇ ਵਿਚ ਮਹਿੰਦਰ ਸਿੰਘ ਡਰਾਈਵਰ ਅਤੇ ਬੱਸ ਆਪਰੇਟਰ ਗੋਪਾਲ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਕੁੱਲੂ ਦੇ ਖੇਤਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਬੱਸ ਹਾਦਸੇ ਚ ਵਿਦਿਆਰਥੀਆਂ ਸਮੇਤ ਕਈ ਲੋਕਾਂ ਦੀ ਮੌਤ ਦੀ ਦੁਖਦ ਖਬਰ ਸੁਣ ਕੇ ਦੁੱਖ ਹੋਇਆ।
ਦੁਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣੇ ਬੱਚਿਆਂ ਅਤੇ ਪਿਆਰਿਆਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਨੇ ਇਕ ਟਵੀਟ ਦੇ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਹਾਦਸੇ ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵੀ ਬੱਸ ਹਾਦਸੇ ਉਤੇ ਦੁੱਖ ਪ੍ਰਗਟ ਕੀਤਾ ਹੈ।
ਇਸ ਹਾਦਸੇ ਸਬੰਧੀ ਠਾਕੁਰ ਨੇ ਕਿਹਾ ਕਿ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਕੁੱਲੂ ਦੇ ਏਡੀਐਮ ਪੂਰੇ ਮਾਮਲੇ ਦੀ ਜਾਂਚ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 15,000 ਰੁਪਏ ਤੁਰੰਤ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਰੇਕ ਮ੍ਰਿਤਕ ਦੇ ਵਾਰਸਾਂ ਲਈ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਮਨਜ਼ੂਰ ਕਰਨ ਲਈ ਧੰਨਵਾਦ ਕੀਤਾ।