ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਚੌਂਤਾ ਦੇ ਛੱਪੜ ਤੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਇਸ ਮ੍ਰਿਤਕ ਦੀ ਪਛਾਣ ਵੀਰਪਾਲ ਸਿੰਘ ਉਰਫ ਵੀਰੂ ਉਮਰ 21 ਸਾਲ ਵਾਸੀ ਟਾਂਡਾ ਚੱਕ ਰਾਮ ਸਹਾਏ ਪਿੰਡ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਇਹ ਨੌਜਵਾਨ ਪਿੰਡ ਵਿੱਚ ਸਫ਼ਾਈ ਦਾ ਕੰਮ ਕਰਦਾ ਸੀ। ਉਸ ਦੇ ਹੱਥ-ਪੈਰ ਬੰਨ੍ਹ ਕੇ ਛੱਪੜ ਵਿੱਚ ਸੁੱਟ ਦਿੱਤਾ ਗਿਆ। ਲਾਸ਼ ਨੂੰ ਇੱਟਾਂ ਨਾਲ ਬੰਨ੍ਹਕੇ ਸੁੱਟਿਆ ਗਿਆ ਸੀ ਤਾਂ ਜੋ ਇਹ ਉੱਪਰ ਨਾ ਆਵੇ। ਪੁਲਿਸ ਨੂੰ ਉਸ ਦੇ ਕਤਲ ਬਾਰੇ ਪਿੰਡ ਦੇ ਦੋ ਵਿਅਕਤੀਆਂ ਉਤੇ ਸ਼ੱਕ ਹੈ ਅਤੇ ਦੋਵੇਂ ਹੀ ਲਾਪਤਾ ਹਨ। ਉਹ ਵੀਰੂ ਦੇ ਨਾਲ ਰਹਿੰਦੇ ਸਨ। ਚੌਂਟਾ ਪਿੰਡ ਵਿਚ ਵੀਰਵਾਰ ਸਵੇਰੇ ਕੁਝ ਨੌਜਵਾਨ ਛੱਪੜ ਨੇੜੇ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਨਜ਼ਰ ਛੱਪੜ ਵਿਚ ਤੈਰ ਰਹੀ ਅਣਪਛਾਤੀ ਲਾਸ਼ ਉਤੇ ਪਈ।
ਇਸ ਮਾਮਲੇ ਸਬੰਧੀ ਸੂਚਨਾ ਮਿਲਣ ਤੇ ਥਾਣਾ ਦੀਨਾਨਗਰ ਤੋਂ ਏਐਸਆਈ ਰਮੇਸ਼ ਕੁਮਾਰ ਟੀਮ ਸਮੇਤ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ। ਲਾਸ਼ ਨੂੰ ਰੱਸੀਆਂ ਨਾਲ ਬੰਨ੍ਹ ਕੇ ਇੱਟਾਂ ਨਾਲ ਬੰਨ੍ਹ ਕੇ ਛੱਪੜ ਵਿੱਚ ਸੁੱਟਿਆ ਹੋਇਆ ਸੀ।
ਪੁਲਿਸ ਨੂੰ ਸ਼ੱਕ ਹੈ ਕਿ ਇਸ ਨੌਜਵਾਨ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਦਫ਼ਨਾਉਣ ਦੇ ਲਈ ਅਜਿਹਾ ਕੀਤਾ ਗਿਆ ਸੀ। ਵੀਰੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮੌਤ ਦੇ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਪੰਚਾਇਤ ਨੇ ਰੱਖਿਆ ਸੀ ਕੰਮ ਉਤੇ
ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਸਫਾਈ ਲਈ ਪੰਚਾਇਤ ਵੱਲੋਂ 3 ਸਫਾਈ ਕਰਮਚਾਰੀ ਰੱਖੇ ਗਏ ਸਨ। ਸਫ਼ਾਈ ਦੇ ਬਦਲੇ ਉਹ ਹਰ ਮਹੀਨੇ ਪਿੰਡ ਵਾਸੀਆਂ ਤੋਂ ਪੈਸੇ ਲੈਂਦੇ ਸੀ। ਕੁਝ ਮਹੀਨੇ ਪਹਿਲਾਂ ਦੋ ਕੰਮ ਵਾਲਿਆਂ ਨੇ ਨੌਕਰੀ ਛੱਡ ਦਿੱਤੀ ਸੀ। ਜਦੋਂ ਕਿ ਵੀਰੂ ਪਿੰਡ ਦੀ ਸਫ਼ਾਈ ਕਰਦਾ ਰਿਹਾ। ਪਿੰਡ ਦੀ ਵਾਟਰ ਸਪਲਾਈ ਵਾਲੀ ਥਾਂ ਉਤੇ ਉਸ ਨੇ ਆਪਣਾ ਰੈਣ ਬਸੇਰਾ ਬਣਾਇਆ ਹੋਇਆ ਸੀ।
ਦੋ ਦਿਨ ਪਹਿਲਾਂ ਉਸ ਨੇ ਇਕੱਠੇ ਕੀਤੇ ਸੀ ਪੈਸੇ
ਪਿੰਡ ਵਾਲਿਆਂ ਦੱਸਿਆ ਕਿ ਸੋਮਵਾਰ ਸਵੇਰੇ ਉਸ ਨੇ ਪਿੰਡ ਵਿੱਚੋਂ ਮਹੀਨੇ ਦੇ ਪੈਸੇ ਵੀ ਇਕੱਠੇ ਕਰ ਲਏ। ਪਰ ਉਸ ਤੋਂ ਬਾਅਦ ਉਹ ਪਿੰਡ ਵਿੱਚ ਨਜ਼ਰ ਨਹੀਂ ਆਇਆ। ਇਸ ਦੇ ਨਾਲ ਹੀ ਪਿੰਡ ਚੌਂਤਾ ਤੋਂ ਚੌਹਾਣਾ ਤੱਕ ਬਣ ਰਹੀ ਸੜਕ ਦਾ ਕੰਮ ਕਰ ਰਹੇ 2 ਮਜ਼ਦੂਰ ਵੀ ਇਸੇ ਵਾਟਰ ਸਪਲਾਈ ਵਾਲੀ ਥਾਂ ਤੇ ਰਹਿ ਰਹੇ ਸਨ। ਉਨ੍ਹਾਂ ਨੇ ਆਪਣਾ ਮੋਬਾਈਲ ਗੁਮ ਹੋਣ ਤੋਂ ਬਾਅਦ ਵੀਰੂ ਤੇ ਚੋਰੀ ਦਾ ਦੋਸ਼ ਲਾਇਆ ਸੀ। ਇਸ ਸਬੰਧੀ ਪਿੰਡ ਦੇ ਸਰਪੰਚ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ।
ਲਾਪਤਾ ਮਜਦੂਰ ਨੌਜਵਾਨਾਂ ਤੇ ਸ਼ੱਕ
ਇਸ ਸਬੰਧੀ ਸਰਪੰਚ ਨੇ ਮੋਬਾਈਲ ਫੋਨ ਲੱਭਣ ਦਾ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ ਸੀ। ਹੁਣ ਦੋਵੇਂ ਮਜ਼ਦੂਰ ਵੀ ਉਥੋਂ ਲਾਪਤਾ ਹੋ ਗਏ ਹਨ। ਪੁਲਿਸ ਨੇ ਇਨ੍ਹਾਂ ਦੇ ਨਾਲ ਕੰਮ ਕਰਦੇ ਮਜ਼ਦੂਰ ਸਾਥੀਆਂ ਤੋਂ ਉਨ੍ਹਾਂ ਦਾ ਠਿਕਾਣਾ ਲੈ ਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏਐਸਆਈ ਰਮੇਸ਼ ਕੁਮਾਰ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।