ਪੰਜਾਬ ਵਿਚ ਜਿਲ੍ਹਾ ਪਟਿਆਲਾ ਦੇ ਰਾਜਪੁਰਾ, ਥਾਣਾ ਖੇੜੀ ਗੰਡਿਆਂ ਅਧੀਨ ਆਉਂਦੇ ਪਿੰਡ ਖਡੌਲੀ ਤੋਂ ਸਕੂਲ ਜਾ ਰਹੇ ਦੋ ਸਕੇ ਭਰਾਵਾਂ ਵਿੱਚੋਂ ਛੋਟੇ ਭਰਾ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਅਗਵਾ ਕਰ ਲਿਆ। ਇਹ ਘਟਨਾ ਵੀਰਵਾਰ ਸਵੇਰੇ 7.30 ਵਜੇ ਵਾਪਰੀ ਜਿਸ ਤੋਂ ਬਾਅਦ ਉਕਤ ਬੱਚੇ ਦੇ ਵੱਡੇ ਭਰਾ ਨੇ ਆਪਣੇ ਪਰਿਵਾਰ ਨੂੰ ਦੱਸਿਆ। ਪੁਲਿਸ ਨੂੰ ਸ਼ਿਕਾਇਤ ਕਰਨ ਤੇ ਕੁੱਝ ਹੀ ਮਿੰਟਾਂ ਵਿੱਚ ਪੁਲਿਸ ਦਾ ਮੈਸੇਜ ਵਾਇਰਲ ਹੋ ਗਿਆ। ਜਦੋਂ ਫਿਰੌਤੀ ਦੀ ਫੂਨ ਕਾਲ ਪਰਿਵਾਰ ਤੱਕ ਪਹੁੰਚੀ ਤਾਂ CCTV ਫੁਟੇਜ ਸਮੇਤ ਸੰਦੇਸ਼ ਇੰਟਰਨੈੱਟ ਮੀਡੀਆ ਤੇ ਵਾਇਰਲ ਹੋ ਗਿਆ।
ਮੋਟਰਸਾਇਕਲ ਸਵਾਰਾਂ ਨੇ ਤਿੰਨ ਘੰਟੇ ਦੇ ਅੰਦਰ ਬੱਚੇ ਨੂੰ ਸਰਹਿੰਦ ਰੋਡ ਤੇ ਪੈਂਦੇ ਪਿੰਡ ਬਸੰਤਪੁਰਾ ਦੇ ਖੇਤਾਂ ਵਿਚ ਛੱਡ ਦਿੱਤਾ। ਦੋਸ਼ੀ ਇੱਥੋਂ ਫਰਾਰ ਹੋ ਗਏ ਅਤੇ ਪੁਲੀਸ ਨੇ ਬੱਚੇ ਨੂੰ ਸਹੀ ਸਲਾਮਤ ਬਰਾਮਦ ਲਿਆ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਐਸਐਸਪੀ ਆਈਪੀਐਸ ਦੀਪਕ ਪਾਰਿਕ ਖ਼ੁਦ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਡੀਐਸਪੀ ਘਨੌਰ ਰਘੁਬੀਰ ਸਿੰਘ ਅਤੇ ਥਾਣਾ ਖੇੜੀ ਗੰਡੀਆਂ ਦੇ ਇੰਚਾਰਜ ਸਮੇਤ ਮੌਕੇ ਦਾ ਮੁਆਇਨਾ ਕੀਤਾ। ਇਸ ਮਾਮਲੇ ਸਬੰਧੀ ਦੋ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਸ ਤਰ੍ਹਾਂ ਹੈ ਪੂਰਾ ਮਾਮਲਾ
ਇਸ ਸਬੰਧੀ ਐਸਐਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਪੁਲੀਸ ਨੂੰ ਬੱਚੇ ਦੇ ਪਿਤਾ ਚਰਨਜੀਤ ਸਿੰਘ ਵਾਸੀ ਪਿੰਡ ਖੰਡੌਲੀ ਵਲੋਂ ਸੂਚਿਤ ਕੀਤਾ ਗਿਆ ਸੀ। ਸੂਚਨਾ ਦੇ ਮੁਤਾਬਕ ਚਰਨਜੀਤ ਸਿੰਘ ਦੇ ਦੋ ਬੱਚੇ ਸਵੇਰੇ ਘਰੋਂ ਸਾਈਕਲ ਤੇ ਆਧਾਰਸ਼ਿਲਾ ਸਕੂਲ ਵਿਚ ਪੜ੍ਹਨ ਲਈ ਗਏ ਸਨ। ਪਿੰਡ ਖੰਡੌਲੀ ਨੇੜੇ ਦੋ ਮੋਟਰਸਾਈਕਲ ਸਵਾਰਾਂ ਨੇ ਛੋਟੇ ਲੜਕੇ ਹਰਸ਼ਪ੍ਰੀਤ ਸਿੰਘ ਤੋਂ ਉਸ ਦੇ ਪਿਤਾ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣੇ ਪਿਤਾ ਦਾ ਨਾਂ ਦੱਸਿਆ। ਇਸ ਤੋਂ ਬਾਅਦ ਬਾਈਕ ਸਵਾਰ ਚੌਥੀ ਜਮਾਤ ਵਿਚ ਪੜ੍ਹਦੇ ਹਰਸ਼ਪ੍ਰੀਤ ਸਿੰਘ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ। ਜਿਸ ਤੋਂ ਬਾਅਦ ਵੱਡੇ ਭਰਾ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਪਰਿਵਾਰ ਨੂੰ ਫੋਨ ਤੇ ਸੂਚਿਤ ਕੀਤਾ। ਜਿਸ ਤੋਂ ਬਾਅਦ ਫਿਰੌਤੀ ਦੀ ਕਾਲ ਵੀ ਆਈ ਕਿ ਪਰਿਵਾਰ ਵਲੋਂ ਲੱਖਾਂ ਰੁਪਏ ਦਾ ਇੰਤਜ਼ਾਮ ਕੀਤਾ ਜਾਵੇ।
ਜ਼ਿਲ੍ਹੇ ਦੀ ਪੁਲੀਸ ਟੀਮ ਨੂੰ ਚੌਕਸ ਕੀਤਾ ਗਿਆ
ਇਸ ਅਗਵਾ ਕਾਂਡ ਦੀ ਸੂਚਨਾ ਮਿਲਦੇ ਹੀ ਥਾਣਾ ਖੇੜੀ ਗੰਡੀਆਂ ਦੀ ਪੁਲਸ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੂਰੇ ਜ਼ਿਲ੍ਹੇ ਦੀ ਪੁਲਸ ਚੌਕਸ ਹੋ ਗਈ। ਰਾਜਪੁਰਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਨਾਕਾਬੰਦੀ ਕਰ ਦਿੱਤੀ ਗਈ। ਇਸੇ ਦੌਰਾਨ ਪੁਲੀਸ ਨੂੰ ਬੱਚੇ ਦੇ ਬਸੰਤਪੁਰਾ ਦੇ ਖੇਤਾਂ ਵਿੱਚ ਹੋਣ ਬਾਰੇ ਪਤਾ ਲੱਗਿਆ।
ਪੁਲੀਸ ਵਲੋਂ ਵਿਸ਼ੇਸ਼ ਟੀਮ ਬਣਾ ਕੇ ਇਲਾਕੇ ਦੀ ਘੇਰਾਬੰਦੀ ਕਰ ਕੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਪਰ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਨਹੀਂ ਹੋ ਸਕੀ। ਉਨ੍ਹਾਂ ਨੇ ਆਪਣੇ ਚਿਹਰੇ ਨੂੰ ਕੱਪੜੇ ਨਾਲ ਲਪੇਟਿਆ ਹੋਇਆ ਸੀ। ਜਿਸ ਕਾਰਨ ਸੀਸੀਟੀਵੀ ਫੁਟੇਜ ਵਿੱਚ ਉਨ੍ਹਾਂ ਦੇ ਚਿਹਰੇ ਨਜ਼ਰ ਨਹੀਂ ਆ ਰਹੇ ਸਨ। ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਅਗਵਾਕਾਰਾਂ ਨੇ ਉਸ ਦਾ ਮੂੰਹ ਵੀ ਕੱਪੜੇ ਨਾਲ ਢੱਕ ਲਿਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਜਾਣਕਾਰ ਵਲੋਂ ਇਸ ਅਗਵਾ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਜਿਸ ਨੇ ਪਹਿਲਾਂ ਰੇਕੀ ਕਰੀ ਅਤੇ ਬਾਅਦ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ।