ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਸ਼ਹਿਰ ਵਿੱਚੋਂ ਨਿਕੀ ਉਮਰ ਦੀਆਂ ਲੜਕੀਆਂ ਲਾਪਤਾ ਹੋ ਰਹੀਆਂ ਹਨ। ਇਸ ਦੇ ਨਾਲ ਹੀ ਪੁਲਿਸ ਹੱਥਾਂ ਤੇ ਹੱਥ ਧਰ ਕੇ ਬੈਠੀ ਹੈ। ਦੱਸਿਆ ਜਾ ਰਿਹਾ ਹੈ ਕਿ ਨੇਪਾਲ ਦੀਆਂ ਰਹਿਣ ਵਾਲੀਆਂ 4 ਲੜਕੀਆਂ 3 ਦਿਨਾਂ ਤੋਂ ਲਾਪਤਾ ਹਨ ਪਰ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ। ਪਰਿਵਾਰਕ ਮੈਂਬਰਾਂ ਨੂੰ ਇਸ ਪਿੱਛੇ ਮਨੁੱਖੀ ਤਸਕਰੀ ਦਾ ਡਰ ਸਤਾ ਰਿਹਾ ਹੈ। ਪੁਲਸ ਇਨ੍ਹਾਂ ਲੜਕੀਆਂ ਦੀਆਂ ਫੋਟੋਆਂ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ ਤੇ ਪੋਸਟਰ ਬਣਾ ਕੇ ਲਗਾ ਰਹੀ ਹੈ।
ਬਾਜ਼ਾਰ ਵਿਚ ਸਾਮਾਨ ਲੈਣ ਲਈ ਗਈਆਂ ਸੀ
ਇਸ ਮਾਮਲੇ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਐਤਵਾਰ ਸ਼ਾਮ 7 ਤੋਂ 8 ਵਜੇ ਦੇ ਦਰਮਿਆਨ ਚਾਰੇ ਲੜਕੀਆਂ ਘਰ ਤੋਂ ਬਾਜ਼ਾਰ ਸਾਮਾਨ ਲੈਣ ਦੇ ਲਈ ਗਈਆਂ ਸਨ। ਇਨ੍ਹਾਂ ਲੜਕੀਆਂ ਦੀ ਉਮਰ 12 ਤੋਂ 15 ਸਾਲ ਦੇ ਦਰਮਿਆਨ ਹੈ। ਲੜਕੀਆਂ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀਆਂ ਧੀਆਂ ਨੂੰ ਕਿਸੇ ਨੇ ਅਗਵਾ ਕਰ ਲਿਆ ਹੋ ਸਕਦਾ ਹੈ ਜਾਂ ਹੋ ਸਕਦਾ ਕੋਈ ਮਨੁੱਖੀ ਤਸਕਰੀ ਕਰਨ ਵਾਲਾ ਇਨ੍ਹਾਂ ਲੜਕੀਆਂ ਨੂੰ ਕਿਤੇ ਲੈ ਗਿਆ ਹੋਵੇ।
ਇਹ ਲੜਕੀਆਂ 3 ਪਰਿਵਾਰਾਂ ਦੀਆਂ ਹਨ
ਪੁਲਿਸ ਵਲੋਂ ਲੜਕੀਆਂ ਦੇ ਮੋਬਾਈਲ ਨੰਬਰਾਂ ਨੂੰ ਖੰਗਾਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਵੀ ਚੈੱਕ ਕੀਤੇ ਜਾ ਰਹੇ ਹਨ। ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਚਾਰੇ ਕੁੜੀਆਂ ਆਪਸ ਵਿੱਚ ਦੋਸਤ ਹਨ। 2 ਲੜਕੀਆਂ ਇੱਕੋ ਪਰਿਵਾਰ ਦੀਆਂ ਹਨ 2 ਲੜਕੀਆਂ ਵੱਖ-ਵੱਖ ਪਰਿਵਾਰਾਂ ਦੀਆਂ ਹਨ। ਕੁੱਲ 3 ਪਰਿਵਾਰਾਂ ਦੀਆਂ ਇਹ ਲੜਕੀਆਂ ਐਤਵਾਰ ਤੋਂ ਲਾਪਤਾ ਹਨ।
ਪੁਲਿਸ ਨੇ ਸ਼ੁਰੂ ਕੀਤੀ ਜਾਂਚ ਪੜਤਾਲ
ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 6 ਦੇ ਐਸ.ਐਚ.ਓ. ਮਧੂ ਬਾਲਾ ਨੇ ਦੱਸਿਆ ਹੈ ਕਿ ਲੜਕੀਆਂ ਦਾ ਪਤਾ ਲਗਾਉਣ ਲਈ ਟੀਮਾਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਜਨਤਕ ਥਾਵਾਂ ਤੇ ਪੋਸਟਰ ਵੀ ਲਗਾਏ ਜਾ ਰਹੇ ਹਨ। ਜਲਦੀ ਹੀ ਲੜਕੀਆਂ ਦਾ ਪਤਾ ਲਗਾ ਲਿਆ ਜਾਵੇਗਾ। ਇਨ੍ਹਾਂ ਲਾਪਤਾ ਲੜਕੀਆਂ ਦੀ ਪਛਾਣ ਸ਼ੀਰੂ ਉਮਰ 15 ਸਾਲ ਸੁਸ਼ੀਲਾ ਉਮਰ 15 ਸਾਲ ਲਲਿਤਾ ਕੁਮਾਰੀ ਉਮਰ 14 ਸਾਲ ਸੋਨਾ ਉਮਰ 15 ਸਾਲ ਵਜੋਂ ਹੋਈ ਹੈ। ਲੜਕੀਆਂ ਦੇ ਲਾਪਤਾ ਹੋਣ ਤੋਂ ਬਾਅਦ ਮਾਮਲਾ ਵੀ ਦਰਜ ਕੀਤਾ ਗਿਆ ਹੈ।