ਇਹ ਖ਼ਬਰ ਪੰਜਾਬ ਦੇ ਜਿਲ੍ਹਾ ਪਟਿਆਲਾ ਤੋਂ ਹੈ। ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਹੋਸਟਲ ਵਿੱਚ ਇੱਕ ਔਰਤ ਨੇ ਸ਼ੱਕੀ ਹਾਲਤ ਵਿੱਚ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮਰਨ ਵਾਲੀ ਲੜਕੀ ਦੀ ਪਛਾਣ ਆਰਤੀ ਉਮਰ 30 ਸਾਲ ਵਾਸੀ ਗੁਰਦਾਸਪੁਰ ਦੇ ਵਜੋਂ ਹੋਈ ਹੈ। ਉਹ ਰਾਜਿੰਦਰਾ ਹਸਪਤਾਲ ਦੇ ਵਿੱਚ ਬਤੌਰ ਰੇਡੀਓਲੋਜਿਸਟ ਤਾਇਨਾਤ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨੂੰ ਸੂਚਿਤ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਆਰਤੀ ਵੀਰਵਾਰ ਦੀ ਰਾਤ ਨੂੰ ਹੀ ਵਾਪਸ ਹੋਸਟਲ ਆਈ ਸੀ। ਸ਼ੁੱਕਰਵਾਰ ਸਵੇਰੇ ਜਦੋਂ ਉਹ ਡਿਊਟੀ ਤੇ ਨਹੀਂ ਪਹੁੰਚੀ ਤਾਂ ਉਸ ਦੇ ਸਾਥੀ ਹੋਸਟਲ ਵਿਚ ਜਾਂਚ ਕਰਨ ਆਏ ਪਰ ਹੋਸਟਲ ਦਾ ਕਮਰਾ ਅੰਦਰੋਂ ਬੰਦ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹੋਸਟਲ ਦਾ ਦਰਵਾਜ਼ਾ ਖੜਕਾਇਆ ਪਰ ਕਾਫੀ ਦੇਰ ਤੱਕ ਕਮਰੇ ਵਿਚੋਂ ਕੋਈ ਆਵਾਜ਼ ਨਹੀਂ ਆਈ। ਕਾਫੀ ਦੇਰ ਉਡੀਕ ਕਰਨ ਤੋਂ ਬਾਅਦ ਵੀ ਕਿਸੇ ਨੇ ਦਰਵਾਜ਼ੇ ਨੂੰ ਨਹੀਂ ਖੋਲ੍ਹਿਆ।
ਇਸ ਤੋਂ ਬਾਅਦ ਹਸਪਤਾਲ ਦੇ ਹੋਰ ਕਰਮਚਾਰੀਆਂ ਦੀ ਮਦਦ ਦੇ ਨਾਲ ਦਰਵਾਜ਼ਾ ਤੋੜ ਕੇ ਜਾਂਚ ਕੀਤੀ ਤਾਂ ਕਮਰੇ ਅੰਦਰ ਲੱਗੇ ਪੱਖੇ ਨਾਲ ਆਰਤੀ ਦੀ ਲਾਸ਼ ਲਟਕ ਰਹੀ ਸੀ। ਇਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਪੁਲਸ ਦੀ ਟੀਮ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ਚ ਰਖਵਾਇਆ ਹੈ। ਇਸ ਦੇ ਨਾਲ ਹੀ ਫੋਰੈਂਸਿਕ ਟੀਮ ਨੇ ਵੀ ਮੌਕੇ ਤੇ ਪਹੁੰਚ ਕੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਤਲਾਕ ਮਾਮਲੇ ਚ ਪੇਸ਼ੀ ਤੋਂ ਵਾਪਸ ਪਰਤੀ ਸੀ ਆਰਤੀ
ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਇੰਸਪੈਕਟਰ ਵਿਜੇਪਾਲ ਨੇ ਦੱਸਿਆ ਹੈ ਕਿ ਹਸਪਤਾਲ ਚ ਬਤੌਰ ਰੇਡੀਓਗ੍ਰਾਫਰ ਵਜੋਂ ਸੇਵਾ ਨਿਭਾਅ ਰਹੀ ਆਰਤੀ ਦਾ ਤਲਾਕ ਸਬੰਧੀ ਕੇਸ ਚੱਲ ਰਿਹਾ ਹੈ। ਵੀਰਵਾਰ ਨੂੰ ਵੀ ਉਹ ਪੇਸ਼ੀ ਤੋਂ ਬਾਅਦ ਹੋਸਟਲ ਆਈ ਸੀ। ਉਸ ਤੋਂ ਬਾਅਦ ਉਹ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲੀ। ਸ਼ੁੱਕਰਵਾਰ ਸਵੇਰੇ ਜਦੋਂ ਆਰਤੀ ਆਪਣੀ ਡਿਊਟੀ ਤੇ ਨਹੀਂ ਪਹੁੰਚੀ ਤਾਂ ਇਸ ਘਟਨਾ ਦਾ ਪਤਾ ਲੱਗਿਆ। ਇਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਉਤੇ ਅਗਲੀ ਕਾਰਵਾਈ ਕੀਤੀ ਜਾਵੇਗੀ।