ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਚ ਪਹੁੰਚਿਆ ਸਟੀਮ ਇੰਜਣ ਹਰ ਕਿਸੇ ਦਾ ਧਿਆਨ ਖਿੱਚ ਰਿਹਾ ਹੈ। ਇਹ ਐਂਟੀਕ ਪੀਸ ਦੇਖਣ ਚ ਇੰਨਾ ਆਕਰਸ਼ਕ ਹੈ ਕਿ ਦੂਰ-ਦੂਰ ਤੋਂ ਲੋਕ ਇਸ ਨੂੰ ਦੇਖਣ ਲਈ ਪਹੁੰਚ ਰਹੇ ਹਨ। ਇਹ ਵੱਲਾ ਦੇ ਇੱਕ ਸਕਰੈਪ ਘਰ ਦੇ ਵਿੱਚ ਪਹੁੰਚਿਆ ਹੈ। ਇਸ ਨੂੰ ਖਰੀਦਣ ਵਾਲੇ ਵਰੁਣ ਮਹਾਜਨ ਦਾ ਕਹਿਣਾ ਹੈ ਕਿ ਉਹ ਇਸ ਨੂੰ ਸਕਰੈਪ ਲਈ ਲੈ ਕੇ ਆਏ ਸਨ, ਪਰ ਇਸ ਨੂੰ ਦੇਖਦੇ ਹੋਏ ਹੁਣ ਉਹ ਚਾਹੁੰਦੇ ਹਨ ਕਿ ਸਰਕਾਰ ਇਸ ਨੂੰ ਵਿਰਾਸਤ ਦੇ ਤੌਰ ਤੇ ਆਪਣੇ ਕੋਲ ਰੱਖੇ।
ਵਰੁਣ ਮਹਾਜਨ ਨੇ ਦੱਸਿਆ ਕਿ ਇਹ ਸਟੀਮ ਇੰਜਣ ਦਾ ਹਿੱਸਾ ਹੈ। ਇਸ ਦੇ ਉਪਰੋਂ ਪਿਸਟਨ ਹਟਾ ਕੇ ਅੰਮ੍ਰਿਤਸਰ ਦੀ ਇਕ ਫੈਕਟਰੀ ਵਿਚ ਕਾਫੀ ਸਮੇਂ ਤੋਂ ਬਾਇਲਰ ਵਜੋਂ ਵਰਤਿਆ ਜਾ ਰਿਹਾ ਸੀ। ਪਰ ਜਦੋਂ ਉਹ ਇਸ ਨੂੰ ਲੈ ਕੇ ਆਏ ਤਾਂ ਇਸ ਦੀ ਖੂਬਸੂਰਤੀ ਦੇਖ ਕੇ ਹੈਰਾਨ ਰਹਿ ਗਏ। ਇਹ ਇੰਜਣ 1910 ਵਿੱਚ ਮਾਰਸ਼ਲ ਕੰਪਨੀ ਨੇ ਬਣਾਇਆ ਸੀ। ਇਹ ਸਿਰਫ ਇੰਗਲੈਂਡ ਵਿੱਚ ਹੀ ਬਣਾਇਆ ਜਾਂਦਾ ਸੀ। ਜਦੋਂ ਉਨ੍ਹਾਂ ਨੇ ਇਸ ਬਾਰੇ ਇੰਟਰਨੈੱਟ ਤੇ ਖੋਜ ਕੀਤੀ ਤਾਂ ਇਨ੍ਹਾਂ ਇੰਜਣਾਂ ਨੂੰ ਦੁਨੀਆਂ ਵਿਚ ਕਈ ਥਾਵਾਂ ਤੇ ਪਾਲਿਸ਼ ਅਤੇ ਪੇਂਟਿੰਗ ਕਰਕੇ ਯਾਦਗਾਰ ਵਜੋਂ ਰੱਖਿਆ ਗਿਆ ਹੈ।
ਇਸ ਪੂਰੇ ਇੰਜਣ ਵਿਚ ਕਿਤੇ ਵੀ ਵੈਲਡਿੰਗ ਨਹੀਂ
1910 ਵਿਚ ਬਣੇ ਇਸ ਇੰਜਣ ਦੀ ਖਾਸ ਗੱਲ ਇਸ ਦਾ ਡਿਜ਼ਾਈਨ ਸੀ। ਇਸ ਪੂਰੇ ਇੰਜਣ ਵਿੱਚ ਕਿਤੇ ਵੀ ਵੈਲਡਿੰਗ ਨਹੀਂ ਕੀਤੀ ਗਈ। ਇਸ ਨੂੰ ਰਿਬਿਟ ਕੀਤਾ ਗਿਆ ਹੈ। ਰਿਬਿਟ ਇੱਕ ਤਕਨੀਕ ਸੀ ਜਿਸ ਵਿੱਚ ਲੋਹੇ ਨੂੰ ਗਰਮ ਕਰਕੇ ਇੱਕ ਮੋਟੇ ਕਿਲ ਲਗਾ ਕੇ ਜੋੜ ਨੂੰ ਜੋੜਿਆ ਜਾਂਦਾ ਸੀ। ਇਹ 110 ਸਾਲਾਂ ਬਾਅਦ ਵੀ ਇੰਨਾ ਮਜ਼ਬੂਤ ਹੈ ਕਿ ਥੋੜ੍ਹੀ ਜਿਹੀ ਮੁਰੰਮਤ ਤੋਂ ਬਾਅਦ ਇਸ ਨੂੰ ਦੁਬਾਰਾ ਵਰਤੋ ਵਿਚ ਲਿਆਂਦਾ ਜਾ ਸਕਦਾ ਹੈ।
ਰਾਜਸਥਾਨ ਤੋਂ ਆਏ ਕਈ ਫੋਨ
ਵਰੁਣ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਇੰਜਣ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਤਾਂ ਕਈ ਐਂਟੀਕ ਪੀਸ ਪ੍ਰੇਮੀਆਂ ਦੇ ਉਨ੍ਹਾਂ ਦੇ ਫੋਨ ਆਏ। ਜੈਪੁਰ ਦੇ ਇੱਕ ਰਜਵਾੜਾ ਪਰਿਵਾਰ ਨੇ ਫੋਨ ਕਰਕੇ ਇਸ ਬਾਰੇ ਪੁੱਛਿਆ। ਉਹ ਵੀ ਜਲਦੀ ਹੀ ਇਸ ਨੂੰ ਦੇਖਣ ਆਉਣਗੇ। ਪਰ ਉਹ ਚਾਹੁੰਦਾ ਹਨ ਕਿ ਸਰਕਾਰ ਇਸ ਵੱਲ ਧਿਆਨ ਦੇਵੇ ਅਤੇ ਇਸ ਨੂੰ ਵਿਰਾਸਤ ਵਜੋਂ ਰੱਖੇ।
1840 ਦੇ ਸਟੀਮ ਇੰਜਣ ਕੀ ਸਨ
1840 ਤੋਂ 1920 ਦੇ ਦਹਾਕੇ ਦੇ ਵਿਚਕਾਰ ਕਈ ਹਜ਼ਾਰ ਪੋਰਟੇਬਲ ਭਾਫ਼ ਇੰਜਣ ਬਣਾਏ ਗਏ ਸਨ। ਜ਼ਿਆਦਾਤਰ ਖੇਤੀਬਾੜੀ ਵਿੱਚ ਵਰਤੇ ਜਾਂਦੇ ਸਨ ਅਤੇ ਕੁਝ ਫੈਕਟਰੀਆਂ ਵਿੱਚ ਸੰਦ ਚਲਾਉਣ ਲਈ ਵਰਤੇ ਜਾਂਦੇ ਸਨ। ਮਾਰਸ਼ਲ ਸੰਨਜ਼ ਐਂਡ ਕੰਪਨੀ ਲਿਮਿਟੇਡ ਅਤੇ ਕਈ ਹੋਰ ਕੰਪਨੀਆਂ ਨੇ ਵਿਦੇਸ਼ਾਂ ਵਿੱਚ ਵਿਕਰੀ ਲਈ ਬਸਤੀਵਾਦੀ (Colonial) ਬਾਇਲਰ ਦੇ ਨਾਲ ਇੰਜਣ ਬਣਾਏ।