ਭਾਰਤ ਅਤੇ ਪਾਕਿਸਤਾਨ ਵੰਡ ਦੀ ਮਾਰ ਝੱਲਣ ਵਾਲੇ ਬਹੁਤ ਘੱਟ ਲੋਕ ਹੀ ਜਿਉਂਦਾ ਬਚੇ ਹਨ। ਜਿਹੜੇ ਬਚੇ ਹਨ, ਉਨ੍ਹਾਂ ਦੀ ਉਮਰ 90 ਤੋਂ 95 ਸਾਲ ਦੇ ਕਰੀਬ ਹੈ। ਬਟਵਾਰੇ ਦੇ ਚਸ਼ਮਦੀਦ ਗਵਾਹ ਜਿਨ੍ਹਾਂ ਦੇ ਦਿਲ ਵਿਚ ਲੰਬੀਆਂ ਯਾਦਾਂ ਹਨ। ਅਜੇ ਵੀ ਵੰਡ ਤੋਂ ਪਹਿਲਾਂ ਦੇ ਆਪਣੇ ਘਰਾਂ ਅਤੇ ਗਲੀਆਂ ਨੂੰ ਦੇਖਣਾ ਚਾਹੁੰਦੇ ਹਨ। ਬਚਪਨ ਵਿਚ ਦੇਸ਼ ਦੀ ਵੰਡ ਦਾ ਕੌੜਾ ਤਜਰਬਾ ਝੱਲਣ ਵਾਲੀ 92 ਸਾਲਾ ਭਾਰਤੀ ਔਰਤ 75 ਸਾਲਾਂ ਬਾਅਦ ਆਪਣਾ ਜੱਦੀ ਘਰ ਦੇਖਣ ਲਈ ਪਾਕਿਸਤਾਨ ਪਹੁੰਚੀ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਕ ਰੀਨਾ ਛਿੱਬਰ ਰਾਵਲਪਿੰਡੀ ਸਥਿਤ ਆਪਣੇ ਜੱਦੀ ਘਰ ਪ੍ਰੇਮ ਨਿਵਾਸ ਨੂੰ ਦੇਖਣ ਲਈ ਵਾਹਗਾ-ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਪਹੁੰਚੀ। ਉਸਨੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਾਡੇ ਲਈ ਆਉਣਾ ਅਤੇ ਜਾਣਾ ਆਸਾਨ ਬਣਾਉਣ ਲਈ ਵੀਜ਼ਾ ਪਾਬੰਦੀਆਂ ਨੂੰ ਸੌਖਾ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।
ਰੀਨਾ ਨੇ ਦੱਸਿਆ ਕਿ ਮੇਰੇ ਭੈਣ-ਭਰਾ ਦੇ ਦੋਸਤ ਸਨ ਜੋ ਮੁਸਲਮਾਨਾਂ ਸਮੇਤ ਵੱਖ-ਵੱਖ ਭਾਈਚਾਰਿਆਂ ਤੋਂ ਸਾਡੇ ਘਰ ਆਉਂਦੇ ਸਨ। 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਵੰਡ ਦੇ ਸਮੇਂ ਰੀਨਾ ਦੀ ਉਮਰ 15 ਸਾਲ ਸੀ ਅਤੇ ਉਦੋਂ ਤੋਂ 75 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ। ਉਸ ਨੇ ਕਿਹਾ ਕਿ ਉਹ ਆਪਣੇ ਜੱਦੀ ਘਰ ਆਪਣੇ ਆਂਢ-ਗੁਆਂਢ ਅਤੇ ਗਲੀਆਂ ਨੂੰ ਆਪਣੇ ਦਿਲ ਵਿੱਚੋਂ ਕਦੇ ਨਹੀਂ ਕੱਢ ਸਕੀ।
1965 ਵਿੱਚ ਪਾਕਿਸਤਾਨ ਜਾਣ ਦਾ ਮੰਗਿਆ ਸੀ ਵੀਜ਼ਾ
ਰੀਨਾ ਨੇ 1965 ਦੇ ਵਿੱਚ ਪਾਕਿਸਤਾਨ ਜਾਣ ਲਈ ਵੀਜ਼ਾ ਲਈ ਅਰਜ਼ੀ ਦਿੱਤੀ ਸੀ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਦੋ ਗੁਆਂਢੀਆਂ ਵਿਚਕਾਰ ਜੰਗ ਕਾਰਨ ਉੱਚ ਤਣਾਅ ਦੇ ਵਿਚਕਾਰ ਇਜਾਜ਼ਤ ਨਹੀਂ ਮਿਲ ਸਕੀ। ਪਰ ਉਹ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਮੈਚ ਦੇਖਣ ਲਈ ਲਾਹੌਰ ਜਾਣ ਵਿੱਚ ਕਾਮਯਾਬ ਰਹੀ, ਕਿਉਂਕਿ ਪਾਕਿਸਤਾਨ ਨੇ ਮੈਚ ਦੇਖਣ ਲਈ ਭਾਰਤੀਆਂ ਨੂੰ ਵੀਜ਼ਾ ਜਾਰੀ ਕੀਤਾ ਸੀ।
ਪਿਛਲੇ ਸਾਲ ਪਾਕਿਸਤਾਨ ਜਾਣ ਦੀ ਕੋਸ਼ਿਸ਼ ਰਹੀ ਅਸਫਲ
ਰੀਨਾ ਦਾ ਦਾਅਵਾ ਹੈ ਕਿ ਉਸਨੇ 2021 ਵਿੱਚ ਸੋਸ਼ਲ ਮੀਡੀਆ ਤੇ ਆਪਣੇ ਜੱਦੀ ਘਰ ਜਾਣ ਦੀ ਇੱਛਾ ਪ੍ਰਗਟਾਈ ਸੀ। ਜਿਸ ਤੇ ਸੱਜਾਦ ਹੈਦਰ ਨਾਂ ਦੇ ਪਾਕਿਸਤਾਨੀ ਨਾਗਰਿਕ ਨੇ ਉਸ ਨਾਲ ਸੰਪਰਕ ਕੀਤਾ ਅਤੇ ਘਰ ਦੀਆਂ ਤਸਵੀਰਾਂ ਭੇਜੀਆਂ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਦੇ ਅਨੁਸਾਰ, ਉਸਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਕਿ ਉਸਨੇ 2021 ਵਿੱਚ ਇਸ ਸਥਾਨ ਦਾ ਦੌਰਾ ਕਰਨ ਲਈ ਵੀਜ਼ਾ ਲਈ ਅਰਜ਼ੀ ਦਿੱਤੀ ਸੀ ਜਿਸ ਨੂੰ ਇਨਕਾਰ ਕਰ ਦਿੱਤਾ ਗਿਆ ਸੀ।
ਵਿਦੇਸ਼ ਮੰਤਰੀ ਨੂੰ ਟੈਗ ਕੀਤਾ ਅਤੇ ਵੀਜ਼ਾ ਤੁਰੰਤ ਕੀਤਾ ਜਾਰੀ
ਰੀਨਾ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਪਾਕਿਸਤਾਨ ਜਾਣ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਪਾਕਿਸਤਾਨ ਦੀ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਨੂੰ ਵੀ ਟੈਗ ਕੀਤਾ। ਰੀਨਾ ਮੁਤਾਬਕ ਮੰਤਰੀ ਨੇ ਤੁਰੰਤ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਉਸ ਦਾ ਵੀਜ਼ਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਜਿਸ ਤੋਂ ਬਾਅਦ ਉਸ ਨੂੰ 90 ਦਿਨਾਂ ਲਈ ਵੀਜ਼ਾ ਜਾਰੀ ਕੀਤਾ ਗਿਆ। ਸ਼ਨੀਵਾਰ ਨੂੰ ਜਿਵੇਂ ਹੀ ਰੀਨਾ ਵਾਹਗਾ ਬਾਰਡਰ ਤੋਂ ਪਾਕਿਸਤਾਨ ਪਹੁੰਚੀ ਤਾਂ ਉਸ ਦੀਆਂ ਅੱਖਾਂ ਨਮ ਹੋ ਗਈਆਂ।