ਪੰਜਾਬ ਦੇ ਜਿਲ੍ਹਾ ਫਰੀਦਕੋਟ ਦੀ ਪੁਲਿਸ ਨੇ ਇੱਕ ਔਰਤ ਨੂੰ ਬੰਧਕ ਬਣਾ ਕੇ 16 ਲੱਖ ਰੁਪਏ ਦੀ ਨਕਦੀ ਅਤੇ 20 ਤੋਲੇ ਸੋਨੇ ਦੇ ਗਹਿਣੇ ਲੁੱਟਣ ਦੀ ਘਟਨਾ ਦਾ 48 ਘੰਟਿਆਂ ਵਿੱਚ ਪਰਦਾਫਾਸ਼ ਕੀਤਾ ਹੈ। ਇਸ ਲੁੱਟ ਦੀ ਮੁੱਖ ਸਾਜਿਸ਼ਕਾਰ ਘਰ ਦੀ ਨੌਕਰਾਣੀ ਹੀ ਨਿਕਲੀ। ਪੁਲੀਸ ਨੇ ਉਕਤ ਨੌਕਰਾਣੀ ਸਮੇਤ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3.12 ਲੱਖ ਰੁਪਏ ਦੀ ਨਕਦੀ ਅਤੇ ਕੁਝ ਗਹਿਣੇ ਵੀ ਬਰਾਮਦ ਕੀਤੇ ਹਨ। ਚੌਥਾ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ।
ਇਸ ਗੱਲ ਦਾ ਖੁਲਾਸਾ ਐਸ.ਐਸ.ਪੀ ਓਲੰਪੀਅਨ ਅਵਨੀਤ ਕੌਰ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। 16 ਜੁਲਾਈ ਨੂੰ ਦੁਪਹਿਰ ਕਰੀਬ 1.30 ਵਜੇ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਨਿਊ ਕੈਂਟ ਰੋਡ ਦੀ ਗਲੀ ਨੰਬਰ ਦੋ ਵਿੱਚ ਕੁਲਭੂਸ਼ਣ ਜੈਨ ਦੀ ਪਤਨੀ ਡਾਲੀ ਜੈਨ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਘਟਨਾ ਸਬੰਧੀ ਪੀੜਤਾ ਵੱਲੋਂ ਦੱਸਿਆ ਗਿਆ ਕਿ ਲੁੱਟ ਦੀ ਵਾਰਦਾਤ ਵਿੱਚ ਲੁਟੇਰਿਆਂ ਵੱਲੋਂ ਉਸ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਕੱਪੜੇ ਨਾਲ ਬੰਨ੍ਹ ਕੇ ਉਸ ਦੀ ਅਲਮਾਰੀ ਵਿੱਚ ਰੱਖੇ 15 ਤੋਂ 16 ਲੱਖ ਰੁਪਏ ਅਤੇ ਕਰੀਬ 20 ਤੋਲੇ ਸੋਨੇ ਦੇ ਗਹਿਣੇ ਵੀ ਚੋਰੀ ਕਰ ਲਏ ਗਏ।
ਪੀੜਤਾ ਨੇ ਦੱਸਿਆ ਕਿ ਉਸ ਦੀ ਨੌਕਰਾਣੀ ਵੀ ਨਾਲ ਵਾਲੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਐਸਐਸਪੀ ਸਿੱਧੂ ਨੇ ਦੱਸਿਆ ਕਿ ਉਕਤ ਲੁੱਟ ਦੀ ਘਟਨਾ ਦਾ ਪਰਦਾਫਾਸ਼ ਕਰਨ ਲਈ ਪੁਲੀਸ ਅਧਿਕਾਰੀਆਂ ਦੀ ਟੀਮ ਬਣਾਈ ਗਈ ਸੀ। ਜਾਂਚ ਦੇ ਦੌਰਾਨ ਨੌਕਰਾਣੀ ਦੀ ਭੂਮਿਕਾ ਸ਼ੱਕੀ ਪਾਈ ਗਈ, ਨਾਲ ਹੀ ਸੀਸੀਟੀਵੀ ਫੁਟੇਜ ਵੀ ਮੁਲਜ਼ਮ ਦੀ ਪਛਾਣ ਕਰਨ ਵਿੱਚ ਮਦਦਗਾਰ ਸਾਬਤ ਹੋਈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਗੁਰਵਿਦਰ ਸਿੰਘ ਪੁੱਤਰ ਦਾਰੀ ਅਤੇ ਬਲਬੀਰ ਸਿੰਘ ਪੁੱਤਰ ਮਲਕੀਤ ਸਿੰਘ ਦੋਵੇਂ ਵਾਸੀ ਖਵਾਜਕੇ ਲੁਧਿਆਣਾ ਅਤੇ ਡਾਲੀ ਜੈਨ ਦੀ ਘਰੇਲੂ ਨੌਕਰਾਣੀ ਰੀਨਾ ਕੌਰ ਪਤਨੀ ਪਾਲਾ ਸਿੰਘ ਵਾਸੀ ਕੰਮੇਆਣਾ ਚੌਕ ਸ਼ਾਮਲ ਹਨ। ਇਨ੍ਹਾਂ ਦੋਸ਼ੀਆਂ ਕੋਲੋਂ ਜਾਅਲੀ ਨੰਬਰ ਪਲੇਟ ਵਾਲਾ ਮੋਟਰਸਾਈਕਲ ਅਤੇ ਕਾਲੇ ਰੰਗ ਦਾ ਬੈਗ ਬਰਾਮਦ ਹੋਇਆ ਹੈ।
ਮੁਲਜ਼ਮਾਂ ਕੋਲੋਂ 3.12 ਲੱਖ ਰੁਪਏ ਦੀ ਨਕਦੀ ਅਤੇ ਕੁਝ ਗਹਿਣੇ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਚੌਥੇ ਮੁਲਜ਼ਮ ਬਲਕਾਰ ਸਿੰਘ ਉਰਫ਼ ਜੱਸਾ ਦੀ ਗ੍ਰਿਫ਼ਤਾਰੀ ਲਈ ਪੁਲੀਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਅੱਗੇ ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਦਸੰਬਰ 2021 ਵਿੱਚ ਥਾਣਾ ਜਮਾਲਪੁਰ ਲੁਧਿਆਣਾ ਅਤੇ ਫਿਰ ਫਰਵਰੀ 2022 ਵਿੱਚ ਜਮਾਲਪੁਰ ਵਿੱਚ ਹੀ ਕੇਸ ਦਰਜ ਹੈ। ਮੁਲਜ਼ਮ ਬਲਬੀਰ ਸਿੰਘ ਖ਼ਿਲਾਫ਼ ਵੀ ਦੋ ਕੇਸ ਦਰਜ ਹਨ। ਮੁਲਜ਼ਮ ਨੌਕਰਾਣੀ ਰੀਨਾ ਕੌਰ ਤਕਰੀਬਨ ਢਾਈ ਸਾਲਾਂ ਤੋਂ ਸ਼ਿਕਾਇਤਕਰਤਾ ਡਾਲੀ ਜੈਨ ਦੇ ਘਰ ਵਿਚ ਕੰਮ ਕਰ ਰਹੀ ਸੀ। ਇਸ ਦੌਰਾਨ ਉਸ ਨੇ ਪਰਿਵਾਰ ਦਾ ਪੂਰਾ ਭਰੋਸਾ ਜਿੱਤ ਲਿਆ ਸੀ। ਫੜੇ ਗਏ ਮੁਲਜ਼ਮ ਕਾਫੀ ਸਮੇਂ ਤੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।