ਇੱਕੋ ਪਰਿਵਾਰ ਦੇ ਚਾਰ ਜੀਆਂ ਤੇ ਕਹਿਰ ਬਣ ਵਰਿਆ ਮੀਂਹ, ਸੁੱਤੇ ਪਏ ਟੱਬਰ ਨਾਲ ਬੀਤ ਗਿਆ ਦਰਦਨਾਕ ਹਾਦਸਾ

Punjab

ਪੰਜਾਬ ਵਿਚ ਬੁੱਧਵਾਰ ਦੀ ਰਾਤ ਨੂੰ ਪਏ ਭਾਰੀ ਮੀਂਹ ਦੇ ਕਾਰਨ ਪਟਿਆਲਾ ਦੇ ਪਟਦਾਨ ਵਿੱਚ ਵੀਰਵਾਰ ਸਵੇਰੇ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ। ਜਦੋਂ ਕਿ ਪੰਜਵਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਨ੍ਹਾਂ ਮ੍ਰਿਤਕਾਂ ਦੀ ਪਛਾਣ ਰਾਜੂ ਉਮਰ 42 ਸਾਲ ਪਤਨੀ ਸੁਨੀਤਾ ਉਮਰ 36 ਸਾਲ ਪੁੱਤਰ ਅਮਨ ਉਮਰ 18 ਅਤੇ ਬੇਟੀ ਊਸ਼ਾ ਉਮਰ 11 ਸਾਲ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਰਾਜੂ ਦੇ ਦੂਜੇ ਪੁੱਤਰ ਵਿਕਾਸ ਉਮਰ 15 ਸਾਲ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ। ਜ਼ਖਮੀ ਵਿਕਾਸ ਨੂੰ ਤੁਰੰਤ ਪਾਤੜਾਂ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲੀਸ ਅਨੁਸਾਰ ਇਹ ਹਾਦਸਾ ਪਾਤੜਾਂ ਦੇ ਜਾਖਲ ਰੋਡ ਤੇ ਧਾਨਕ ਬਸਤੀ ਵਿਖੇ ਵਾਪਰਿਆ ਹੈ। ਜਿੱਥੇ ਪੰਜ ਜੀਆਂ ਦਾ ਪਰਿਵਾਰ ਪਿਛਲੇ 10 ਮਹੀਨਿਆਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ।

ਇਸ ਸਬੰਧੀ ਪਾਤੜਾਂ ਥਾਣੇ ਦੇ ਇੰਚਾਰਜ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 6 ਵਜੇ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਸੌਂ ਰਹੇ ਸਨ। ਉਸ ਸਮੇਂ ਘਰ ਦੀ ਪਿਛਲੀ ਕੰਧ ਦੱਬ ਗਈ। ਜਿਸ ਤੋਂ ਬਾਅਦ ਘਰ ਦੀ ਛੱਤ ਇਨ੍ਹਾਂ ਸਾਰੇ ਸੁੱਤੇ ਪਏ ਪਰਿਵਾਰਕ ਮੈਂਬਰਾਂ ਤੇ ਡਿੱਗ ਗਈ। ਰਾਜੂ, ਉਸ ਦੀ ਪਤਨੀ ਸੁਨੀਤਾ, ਪੁੱਤਰ ਅਮਨ ਅਤੇ ਬੇਟੀ ਊਸ਼ਾ ਦੀ ਮਲਬੇ ਹੇਠਾਂ ਦੱਬਣ ਦੇ ਕਾਰਨ ਮੌਤ ਹੋ ਗਈ। ਰਾਜੂ ਦਾ ਦੂਜਾ ਲੜਕਾ ਵਿਕਾਸ ਸਿਰ ਵਿੱਚ ਸੱਟ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਨੇੜੇ ਦੇ ਲੋਕ ਅਤੇ ਡੇਰਾ ਸਿਰਸਾ ਦੇ ਵਲੰਟੀਅਰਾਂ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ।

ਪੁਲੀਸ ਦੇ ਦੱਸਣ ਅਨੁਸਾਰ ਰਾਜੂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਕਸਬਾ ਆਸੰਧ ਦਾ ਰਹਿਣ ਵਾਲਾ ਸੀ। ਹੁਣ ਉਹ ਆਪਣੇ ਪਰਿਵਾਰ ਸਮੇਤ ਪਾਤੜਾਂ ਵਿੱਚ ਰਹਿੰਦਾ ਸੀ ਅਤੇ ਸਥਾਨਕ ਅਨਾਜ ਮੰਡੀ ਵਿੱਚ ਪੱਲੇਦਾਰੀ ਦਾ ਕੰਮ ਕਰਦਾ ਸੀ। ਥਾਣਾ ਇੰਚਾਰਜ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਪਾਤੜਾਂ ਵਿਚ ਭਾਰੀ ਮੀਂਹ ਪਿਆ ਹੈ। ਇਸ ਕਾਰਨ ਹੀ ਮਕਾਨ ਦੀ ਕੰਧ ਡਿੱਗਣ ਦੀ ਸੰਭਾਵਨਾ ਹੈ।

ਉਨ੍ਹਾਂ ਦੱਸਿਆ ਕਿ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਮਾਣਾ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਸੀਆਰਪੀਸੀ ਦੀ ਧਾਰਾ 174 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਸ਼ੁਤਰਾਣਾ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੀ ਮੌਕੇ ਉਤੇ ਪਹੁੰਚੇ ਅਤੇ ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

Leave a Reply

Your email address will not be published. Required fields are marked *