ਪੰਜਾਬ ਦੇ ਮੋਗਾ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਅਹਾਤੇ ਬਦਨ ਸਿੰਘ ਵਿਚ ਦਿਨ-ਦਿਹਾੜੇ ਸੋਨੇ ਦੇ ਗਹਿਣੇ ਬਣਾਉਣ ਵਾਲੇ ਦੇ ਘਰੋਂ ਚੋਰ 50 ਲੱਖ ਰੁਪਏ ਦੇ ਸੋਨੇ ਨੂੰ ਚੋਰੀ ਕਰਕੇ ਲੈ ਗਏ। ਇਸ ਘਟਨਾ ਦੇ ਸਮੇਂ ਕਾਰੀਗਰ ਆਪਣੀ ਧੀ ਦੇ ਇਲਾਜ ਲਈ ਪਤਨੀ ਸਮੇਤ ਨਿੱਜੀ ਹਸਪਤਾਲ ਗਿਆ ਹੋਇਆ ਸੀ। ਘਰ ਖਾਲੀ ਸੀ, ਇਸ ਦਾ ਫਾਇਦਾ ਉਠਾਉਂਦੇ ਹੋਏ ਚੋਰ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਕੁਝ ਹੀ ਸਮੇਂ ਵਿਚ ਸੋਨੇ ਨੂੰ ਚੋਰੀ ਕਰਕੇ ਫਰਾਰ ਹੋ ਗਏ।
50 ਲੱਖ ਦਾ ਸੋਨਾ ਚੋਰੀ ਹੋਣ ਦਾ ਸਾਹਮਣੇ ਆਉਣ ਕਰਕੇ ਪੁਲਸ ਨੇ ਮੰਗਲਵਾਰ ਦੇਰ ਰਾਤ ਤੱਕ ਆਸਪਾਸ ਦੇ CCTV ਕੈਮਰਿਆਂ ਨੂੰ ਖੰਗਾਲਿਆ। ਬੁੱਧਵਾਰ ਨੂੰ ਫਿਰ ਤੋਂ ਪੁਲਸ ਚੋਰਾਂ ਦੀ ਭਾਲ ਕਰ ਰਹੀ ਸੀ। ਥਾਣਾ ਸਾਊਥ ਸਿਟੀ ਦੇ ਇੰਚਾਰਜ ਇੰਸਪੈਕਟਰ ਲਕਸ਼ਮਣ ਸਿੰਘ ਖੁਦ ਵੀ ਕਈ ਵਾਰ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਘਟਨਾ ਵਾਲੀ ਥਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ।
ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ ਕਾਰੀਗਰ
ਇਸ ਮਾਮਲੇ ਸਬੰਧੀ ਪੀੜਤ ਸੱਦਾਮ ਖਾਨ ਪੁੱਤਰ ਤੈਮੁਦ ਖਾਨ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਅਹਾਤਾ ਬਦਨ ਸਿੰਘ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਉਹ ਸਰਾਫਾ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨੂੰ ਪਾਲਿਸ਼ ਕਰਨ ਅਤੇ ਧੁਲਾਈ ਦੇ ਨਾਲ ਗਹਿਣੇ ਬਣਾਉਣ ਦਾ ਕੰਮ ਕਰਦਾ ਹੈ। ਉਸ ਦੀ ਬੇਟੀ ਬੀਮਾਰ ਹੋ ਗਈ ਸੀ। ਉਹ ਘਰ ਨੂੰ ਤਾਲਾ ਲਗਾ ਕੇ ਪਤਨੀ ਸਮੇਤ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਗਿਆ ਸੀ। ਇਸੇ ਦੌਰਾਨ ਬੁੱਧਵਾਰ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਚੋਰਾਂ ਨੇ ਘਰ ਦੇ ਬਾਹਰੋਂ ਕੰਧ ਟੱਪ ਕੇ ਅੰਦਰ ਦਾਖਲ ਹੋਣ ਦੇ ਨਾਲ-ਨਾਲ ਕਮਰੇ ਵਿੱਚ ਪਏ ਕਰੀਬ 800 ਗ੍ਰਾਮ ਸੋਨੇ ਦੇ ਗਹਿਣੇ ਅਤੇ ਸੋਨਾ ਚੋਰੀ ਕਰ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਸੋਨੇ ਦੇ ਗਹਿਣੇ ਘਰ ਵਿੱਚ ਇੱਕ ਅਲਮਾਰੀ ਵਿੱਚ ਰੱਖੇ ਹੋਏ ਸਨ। ਚੋਰ ਅਲਮਾਰੀ ਦਾ ਤਾਲਾ ਤੋੜ ਕੇ ਗਹਿਣੇ ਲੈ ਕੇ ਫ਼ਰਾਰ ਹੋ ਗਏ।
CCTV ਦੇਖੇ ਜਾ ਰਹੇ ਹਨ
ਇਸ ਸਬੰਧੀ ਥਾਣਾ ਸਾਊਥ ਸਿਟੀ ਦੇ ਇੰਚਾਰਜ ਇੰਸਪੈਕਟਰ ਲਸਮਣ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਛੇਤੀ ਤੋਂ ਛੇਤੀ ਸੁਰਾਗ ਮਿਲਣ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। CCTV ਕੈਮਰਿਆਂ ਦੀ ਫੁਟੇਜ ਵਿਚੋਂ ਕੁਝ ਅਹਿਮ ਸੁਰਾਗ ਹੱਥ ਲੱਗੇ ਹਨ।
ਚੋਰਾਂ ਨੇ ਬੜੀ ਸਫਾਈ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ
ਚੋਰੀ ਦੀ ਇਸ ਵਾਰਦਾਤ ਨੂੰ ਚੋਰਾਂ ਨੇ ਬੜੀ ਸਫਾਈ ਨਾਲ ਅੰਜਾਮ ਦਿੱਤਾ ਹੈ। ਅਹਾਤਾ ਬਦਨ ਸਿੰਘ ਸੰਘਣੀ ਆਬਾਦੀ ਵਾਲਾ ਇਲਾਕਾ ਹੈ, ਇੱਥੇ ਸਾਰਾ ਦਿਨ ਭੀੜ ਲੱਗੀ ਰਹਿੰਦੀ ਹੈ। ਪਰ ਜਦੋਂ ਚੋਰ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ ਤਾਂ ਆਸ-ਪਾਸ ਦੇ ਲੋਕਾਂ ਦਾ ਧਿਆਨ ਵੀ ਨਹੀਂ ਗਿਆ। ਉਨ੍ਹਾਂ ਨੇ ਪੂਰੀ ਘਟਨਾ ਨੂੰ ਬੜੀ ਸਾਵਧਾਨੀ ਨਾਲ ਅੰਜਾਮ ਦਿੱਤਾ ਹੈ।