ਪੰਜਾਬ ਦੇ ਰਾਜਪੁਰਾ ਵਿਖੇ ਰਹਿਣ ਵਾਲੇ ਰਿਕੂ ਸੇਤੀਆ ਅਤੇ ਉਨ੍ਹਾਂ ਦੀ ਪਤਨੀ ਸ਼ਾਲੂ ਸੇਤੀਆ ਆਪਣੀ ਬੇਟੀ ਮਾਧਵੀ ਨਾਲ ਆਖਰੀ ਮੁਲਾਕਾਤ ਨਹੀਂ ਕਰ ਸਕੇ। ਇਹ ਜੋੜਾ ਮਲੇਸ਼ੀਆ ਤੋਂ ਵਾਪਸ ਆ ਰਹੀ ਆਪਣੀ ਧੀ ਨੂੰ ਲੈਣ ਦਿੱਲੀ ਦੇ ਏਅਰਪੋਰਟ ਜਾ ਰਿਹਾ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਰਸਤੇ ਵਿਚ ਮਾਧਵੀ ਦੇ ਮਾਤਾ ਪਿਤਾ ਦੀ ਮੌਤ ਹੋ ਗਈ।
ਰਿਕੂ ਸੇਤੀਆ ਅਤੇ ਸ਼ਾਲੂ ਸੇਤੀਆ ਦੀ ਬੇਟੀ ਮਾਧਵੀ ਚਿਤਕਾਰਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਰਹੀ ਹੈ। ਉਹ 25 ਦਿਨਾਂ ਲਈ ਸਟੱਡੀ ਵੀਜ਼ੇ ਉਤੇ ਮਲੇਸ਼ੀਆ ਗਈ ਹੋਈ ਸੀ। ਮਾਧਵੀ ਦੀ ਫਲਾਈਟ ਨੇ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਮਲੇਸ਼ੀਆ ਤੋਂ ਦਿੱਲੀ ਪਹੁੰਚਣਾ ਸੀ। ਮਾਤਾ ਪਿਤਾ ਆਪਣੀ ਧੀ ਨੂੰ ਬੜੇ ਚਾਅ ਦੇ ਨਾਲ ਲੈਣ ਲਈ ਕਾਰ ਵਿੱਚ ਰਾਜਪੁਰਾ ਤੋਂ ਦਿੱਲੀ ਏਅਰਪੋਰਟ ਜਾ ਰਹੇ ਸਨ। ਪਰ ਸ਼ਾਹਬਾਦ ਰਸਤੇ ਵਿੱਚ ਦਰਦਨਾਕ ਸੜਕ ਹਾਦਸੇ ਦੌਰਾਨ ਦੋਵਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਨ੍ਹਾਂ ਦੀ ਛੋਟੀ ਬੇਟੀ ਕਨੂੰ ਸੇਤੀਆ ਸੱਤਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਇਸ ਜੋੜੇ ਕੋਲ ਬੱਚਿਆਂ ਦੇ ਰੂਪ ਚ ਫੁੱਲਾਂ ਵਰਗੀਆਂ ਸਿਰਫ ਦੋ ਧੀਆਂ ਹਨ। ਕਿਸਮਤ ਨੂੰ ਸ਼ਾਇਦ ਧੀ ਨਾਲ ਮਾਪਿਆਂ ਦਾ ਮਿਲਾਪ ਮਨਜ਼ੂਰ ਨਹੀਂ ਸੀ। ਰਿਕੂ ਸੇਤੀਆ ਵੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀਆਂ ਦੋਵੇਂ ਭੈਣਾਂ ਪੰਜਾਬ ਖੰਨਾ ਅਤੇ ਪਟਿਆਲਾ ਵਿੱਚ ਵਿਆਹੀਆਂ ਹੋਈਆਂ ਹਨ। ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਇਸ ਹਾਦਸੇ ਦੀ ਸੂਚਨਾ ਤੋਂ ਕਰੀਬ ਡੇਢ ਘੰਟੇ ਬਾਅਦ ਮ੍ਰਿਤਕ ਦੇ ਰਿਸ਼ਤੇਦਾਰ ਸ਼ਾਹਬਾਦ ਕਮਿਊਨਿਟੀ ਹੈਲਥ ਸੈਂਟਰ ਪਹੁੰਚੇ। ਰਿਸ਼ਤੇਦਾਰਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਰਿਕੂ ਸੇਤੀਆ ਅਤੇ ਸ਼ਾਲੂ ਸੇਤੀਆ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। 12 ਸਾਲਾ ਕੰਨੂ ਸੇਤੀਆ ਵਾਰ-ਵਾਰ ਆਪਣੇ ਮਾਤਾ ਪਿਤਾ ਨੂੰ ਅਵਾਜ਼ਾਂ ਮਾਰ ਰਹੀ ਸੀ। ਉਸ ਮਾਸੂਮ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਰਹੀਆਂ ਸਨ।
ਮਦਦ ਲਈ ਆਈ ਟੀਮ
ਸਭ ਤੋਂ ਪਹਿਲਾਂ ਸਵੇਰੇ ਛੇ ਵਜੇ ਸੜਕ ਹਾਦਸੇ ਦੀ ਸੂਚਨਾ ਹਿਲਪ ਟੀਮ ਨੂੰ ਮਿਲੀ। ਜਿਸ ਤੇ ਥਾਣਾ ਮੁਖੀ ਤਿਲਕ ਰਾਜ ਅਗਰਵਾਲ ਅਤੇ ਉਨ੍ਹਾਂ ਦੀ ਟੀਮ ਮੌਕੇ ਤੇ ਪਹੁੰਚ ਗਈ। ਉਹ ਲਾਸ਼ਾਂ ਨੂੰ ਚੁੱਕ ਕੇ ਕਮਿਊਨਿਟੀ ਹੈਲਥ ਸੈਂਟਰ ਲੈ ਕੇ ਆਏ ਅਤੇ ਉਥੇ ਮਿਲੇ ਮੋਬਾਈਲਾਂ ਦੀ ਮਦਦ ਦੇ ਨਾਲ ਰਿਸ਼ਤੇਦਾਰਾਂ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ ਗਈ। ਜ਼ਖਮੀ ਡਰਾਈਵਰ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖਲ ਕਰਾਇਆ ਗਿਆ।