ਪੰਜਾਬ ਦੇ ਮੋਗਾ ਚ ਰਹਿੰਦੇ ਪਤੀ ਦਾ ਕੈਨੇਡਾ ਦਾ ਵੀਜ਼ਾ ਤਕਨੀਕੀ ਕਾਰਨਾਂ ਦੇ ਕਰਕੇ ਤਿੰਨ ਵਾਰ ਰੱਦ ਹੋ ਗਿਆ। ਗੁੱਸੇ ਵਿਚ ਆਏ ਪਤੀ ਨੇ ਕੈਨੇਡਾ ਵਿਚ ਉਚੇਰੀ ਸਿੱਖਿਆ ਲਈ ਗਈ ਪਤਨੀ ਅੱਗੇ ਇਹ ਸ਼ਰਤ ਰੱਖੀ ਕਿ ਜੇਕਰ ਉਹ ਭਾਰਤ ਵਿਚ ਆਪਣੇ ਸਹੁਰੇ ਘਰ ਪਰਤਦੀ ਹੈ ਤਾਂ 35 ਲੱਖ ਰੁਪਏ ਲੈ ਕੇ ਆਵੇ, ਜਾਂ ਤਲਾਕ ਦੇ ਕਾਗਜ਼ ਭੇਜੇ। ਤਲਾਕ ਤੋਂ ਇਨਕਾਰ ਕਰਦੇ ਹੋਏ ਪ੍ਰੇਸ਼ਾਨ ਪਤਨੀ ਨੇ ਆਪਣੀ ਜਾਨ ਦੇ ਦਿੱਤੀ। ਕੈਨੇਡਾ ਵਿਚ ਹੀ ਪੀੜਤ ਪਤਨੀ ਨੇ 21 ਜੂਨ ਨੂੰ ਫਾਹਾ ਲੈ ਲਿਆ ਸੀ। ਪੀੜਤ ਪਰਿਵਾਰ ਆਪਣੀ ਇਕਲੌਤੀ ਬੇਟੀ ਦੀ ਲਾਸ਼ ਭਾਰਤ ਲਿਆਉਣ ਲਈ ਸੰਘਰਸ਼ ਕਰ ਰਿਹਾ ਹੈ।
ਇਹ ਹੈ ਮਾਮਲਾ
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਮਾਮਲਾ ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਖਾਈ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਦਾ ਹੈ। ਜਸਪ੍ਰੀਤ ਕੌਰ ਦਾ ਵਿਆਹ 4 ਅਗਸਤ 2019 ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਨਰਾਇਣ ਗੜ੍ਹ ਸੋਨੀਆ ਦੇ ਰਹਿਣ ਵਾਲੇ ਗੁਰਮੀਤ ਸਿੰਘ ਨਾਲ ਹੋਇਆ ਸੀ। ਜਸਪ੍ਰੀਤ ਕੌਰ ਦੇ ਭਰਾ ਰਾਜੂ ਦਾ ਕਹਿਣਾ ਹੈ ਕਿ ਵਿਆਹ ਸਮਾਜਿਕ ਰੀਤ ਰਿਵਾਜਾਂ ਅਨੁਸਾਰ ਹੋਇਆ ਸੀ, ਸਿਰਫ ਵਿਦੇਸ਼ ਜਾਣ ਲਈ ਕਿਸੇ ਸ਼ਰਤ ਤੇ ਵਿਆਹ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਖੁਦ ਵਿਆਹ ਦਾ ਸਾਰਾ ਖਰਚਾ ਕਰਿਆ ਸੀ। ਉਸ ਦੀ ਭੈਣ ਨੇ ਆਈਲੈਟਸ ਪਾਸ ਕਰ ਲਿਆ ਸੀ, ਜਿਸ ਕਾਰਨ ਉਸ ਦੇ ਸਹੁਰੇ ਪਰਿਵਾਰ ਨੇ ਸਾਲ 2019 ਵਿਚ ਹੀ ਉਸ ਦੀ ਭੈਣ ਨੂੰ ਉਚੇਰੀ ਸਿੱਖਿਆ ਲਈ ਕੈਨੇਡਾ ਭੇਜ ਦਿੱਤਾ, ਤਾਂ ਜੋ ਬਾਅਦ ਵਿਚ ਉਸ ਦਾ ਪਤੀ ਗੁਰਮੀਤ ਸਿੰਘ ਵੀ ਕੈਨੇਡਾ ਜਾ ਸਕੇ।
ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਮਾਮਲਾ ਭੈਣ ਦੇ ਸਹੁਰੇ ਘਰ ਦਾ ਸੀ ਤਾਂ ਉਸ ਨੇ ਕੋਈ ਦਖਲ ਨਹੀਂ ਦਿੱਤਾ। ਬਾਅਦ ਵਿਚ ਉਸ ਨੂੰ ਗੁਰਮੀਤ ਸਿੰਘ ਦਾ ਵੀਜ਼ਾ ਤਿੰਨ ਵਾਰ ਰੱਦ ਹੋਣ ਬਾਰੇ ਪਤਾ ਉਸ ਸਮੇਂ ਲੱਗਾ ਜਦੋਂ ਤੀਜੀ ਵਾਰ ਵੀਜਾ ਰੱਦ ਹੋਣ ਤੋਂ ਬਾਅਦ ਉਸ ਦੇ ਸਹੁਰਿਆਂ ਅਤੇ ਉਸ ਦੀ ਭੈਣ ਵਿਚ ਮਤਭੇਦ ਸ਼ੁਰੂ ਹੋ ਗਏ। ਰਾਜੂ ਅਨੁਸਾਰ ਤਕਨੀਕੀ ਕਾਰਨਾਂ ਕਰਕੇ ਵੀਜ਼ਾ ਰੱਦ ਹੋ ਗਿਆ ਸੀ, ਜਿਸ ਕਾਰਨ ਬਾਅਦ ਵਿੱਚ ਜਸਪ੍ਰੀਤ ਦੇ ਸਹੁਰੇ ਵਾਲਿਆਂ ਨੇ ਉਸ ਦੀ ਭੈਣ ਨੂੰ ਭਾਰਤ ਆਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਕੈਨੇਡਾ ਦਾ ਵੀਜ਼ਾ ਹੁਣ ਨਹੀਂ ਲੱਗੇਗਾ। ਦੋਵੇਂ ਇਕੱਠੇ ਸਪੇਨ ਚਲੇ ਜਾਣਗੇ। ਇਸ ਦੇ ਲਈ ਪੇਕਿਆਂ ਤੋਂ 25 ਲੱਖ ਰੁਪਏ ਲਿਆਉਣ ਲਈ ਕਿਹਾ। ਜਸਪ੍ਰੀਤ ਕੌਰ ਭਾਰਤ ਵਾਪਸ ਆਉਣ ਲਈ ਰਾਜ਼ੀ ਹੋ ਗਈ, ਪਰ 25 ਲੱਖ ਦੀ ਰਕਮ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜੇਕਰ ਉਸ ਦੇ ਪਿਤਾ ਕੋਲ ਇੰਨੇ ਪੈਸੇ ਹੁੰਦੇ ਤਾਂ ਉਹ ਵਿਆਹ ਤੋਂ ਪਹਿਲਾਂ ਵਿਦੇਸ਼ ਪੜ੍ਹਨ ਲਈ ਆ ਜਾਂਦੀ।
ਮਾਂ ਨੂੰ ਫੋਨ ਕਰਕੇ ਦੱਸੀ ਸਾਰੀ ਗੱਲ
ਇਸ ਗੱਲ ਨੂੰ ਲੈ ਕੇ ਸਹੁਰਿਆਂ ਅਤੇ ਜਸਪ੍ਰੀਤ ਕੌਰ ਵਿਚਾਲੇ ਮਤਭੇਦ ਵੱਧਦੇ ਗਏ। ਮ੍ਰਿਤਕ ਦੇ ਭਰਾ ਰਾਜੂ ਅਨੁਸਾਰ ਉਸ ਦੀ ਭੈਣ ਜਸਪ੍ਰੀਤ ਨੇ ਆਪਣੀ ਮਾਤਾ ਪਵਿੱਤਰ ਕੌਰ ਨੂੰ ਦੱਸਿਆ ਸੀ ਕਿ ਉਸ ਨੂੰ ਸਹੁਰੇ ਕਹਿ ਰਹੇ ਹਨ ਕਿ ਜੇ ਉਹ ਭਾਰਤ ਵਿੱਚ ਆਪਣੇ ਸਹੁਰੇ ਘਰ ਆਉਣਾ ਚਾਹੁੰਦੀ ਹੈ ਤਾਂ ਜਾਂ ਤਾਂ ਆਪਣੇ ਪੇਕਿਆਂ ਤੋਂ 35 ਲੱਖ ਰੁਪਏ ਲੈ ਕੇ ਆਵੇ ਜਾਂ ਤਲਾਕ ਲੈ ਲਵੇ। ਪਰ ਉਹ ਕਿਸੇ ਵੀ ਕੀਮਤ ਤੇ ਤਲਾਕ ਨਹੀਂ ਚਾਹੁੰਦੀ ਉਸਨੇ ਤਲਾਕ ਲੈਣ ਲਈ ਵਿਆਹ ਨਹੀਂ ਕਰਾਇਆ। ਹਾਲਾਂਕਿ ਦੋ ਦਿਨ ਪਹਿਲਾਂ ਆਈ ਇਸ ਫੋਨ ਕਾਲ ਤੋਂ ਬਾਅਦ ਜਸਪ੍ਰੀਤ ਨੂੰ ਪ੍ਰੇਸ਼ਾਨ ਦੇਖ ਕੇ ਸਮਝਾਉਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ।
ਆਖਰੀ ਵਾਰ ਜਸਪ੍ਰੀਤ ਕੌਰ ਦਾ ਫੋਨ 21 ਜੁਲਾਈ ਨੂੰ ਸਵੇਰੇ ਪਿਤਾ ਨੂੰ ਆਇਆ। ਉਦੋਂ ਬੇਟੀ ਨੇ ਦੱਸਿਆ ਸੀ ਕਿ ਸਭ ਕੁਝ ਠੀਕ ਹੈ, ਕੋਈ ਸਮੱਸਿਆ ਨਹੀਂ ਹੈ। ਪਰ 21 ਜੁਲਾਈ ਦੀ ਸ਼ਾਮ ਨੂੰ ਕੈਨੇਡਾ ਤੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਸ ਦੀ ਭੈਣ ਨੇ ਸਹੁਰਿਆਂ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਹੁਣ ਪੂਰਾ ਪਰਿਵਾਰ ਧੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਤਿਆਰੀ ਵਿਚ ਲੱਗਿਆ ਹੈ।