ਏਐੱਸਆਈ ਦੇ ਸਰਵਿਸ ਹਥਿਆਰ ਵਿਚੋਂ ਅਚਾਨਕ ਚੱਲੀ ਗੋਲੀ, ਡਿਉਟੀ ਜਾਣ ਤੋਂ ਪਹਿਲਾਂ ਬੀਤਿਆ ਭਾਣਾ, ਪਰਿਵਾਰ ਸਦਮੇ ਵਿਚ

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਸ਼ਹਿਰ ਜਗਰਾਓਂ ਵਿੱਚ ਸ਼ਾਮ 7.30 ਵਜੇ ਦੇ ਕਰੀਬ ਇੱਕ ASI ਦੀ ਬੰਦੂਕ ਨੇ ਅਚਾਨਕ ਗੋਲੀ ਚਲਾ ਦਿੱਤੀ ਅਤੇ ASI ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਦੇ ਸਾਥੀ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਏਐਸਆਈ ਕਵਿੱਕ ਰਿਸਪਾਂਸ ਟੀਮ ਦੇ ਵਿੱਚ ਤਾਇਨਾਤ ਸੀ ਅਤੇ ਡਿਊਟੀ ਤੇ ਜਾਣ ਤੋਂ ਪਹਿਲਾਂ ਉਹ ਆਪਣੀ ਗੰਨ ਨੂੰ ਚੈਕ ਕਰ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ। ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਕਾਂਗਰਸ ਦੇ ਕਾਰਜਕਾਲ ਦੌਰਾਨ ਕਵਿੱਕ ਰਿਸਪਾਂਸ ਟੀਮ ਦਾ ਗਠਨ ਕੀਤਾ ਗਿਆ ਸੀ।

ਮ੍ਰਿਤਕ ਏ.ਐਸ.ਆਈ. ਬੁਲੇਟ ਪਰੂਫ ਗੱਡੀ ਦੇ ਵਿੱਚ ਤੈਨਾਤ ਰਹਿ ਕੇ ਗਸ਼ਤ ਕਰਦਾ ਸੀ। ਮ੍ਰਿਤਕ ਦੀ ਪਛਾਣ ਕੁਲਜੀਤ ਸਿੰਘ ਉਮਰ 50 ਸਾਲ ਵਜੋਂ ਹੋਈ ਹੈ। ਗੋਲੀ ਲੱਗਣ ਦੀ ਸੂਚਨਾ ਜਿਉ ਹੀ ਪੁਲਸ ਲਾਈਨ ਪੁੱਜੀ ਤਾਂ ਪੁਲਸ ਮੁਲਾਜ਼ਮਾਂ ‘ਚ ਹੜਕੰਪ ਮਚ ਗਿਆ। ਜਦੋਂ ਕਰਮਚਾਰੀ ਕੁਲਜੀਤ ਦੇ ਕਮਰੇ ਵਿਚ ਗਏ ਤਾਂ ਉਹ ਹੱਕੇ-ਬੱਕੇ ਰਹਿ ਗਏ। ਕੁਲਜੀਤ ਨੂੰ ਗੋਲੀ ਲੱਗੀ ਸੀ ਅਤੇ ਉਹ ਜ਼ਮੀਨ ‘ਤੇ ਡਿੱਗਿਆ ਹੋਇਆ ਸੀ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਹੀ ਕੁਲਜੀਤ ਨੂੰ ਹਸਪਤਾਲ ਪਹੁੰਚਾਇਆ, ਪਰ ਕੁਝ ਹੀ ਦੇਰ ਬਾਅਦ ਉਹ ਜ਼ਿੰਦਗੀ ਦੀ ਲੜਾਈ ਹਾਰ ਗਿਆ।

ਕੁਲਜੀਤ ਦੀ ਡਿਊਟੀ 8 ਵਜੇ ਸ਼ੁਰੂ ਹੋਣੀ ਸੀ। ਡੀਐਸਪੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਪੁਲੀਸ ਮੁਲਾਜ਼ਮ ਡਿਊਟੀ ਤੇ ਜਾਣ ਤੋਂ ਪਹਿਲਾਂ ਆਪਣੇ ਹਥਿਆਰਾਂ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਹਨ। ਕੁਲਜੀਤ ਵੀ ਅਜਿਹਾ ਹੀ ਕਰ ਰਿਹਾ ਸੀ। ਡੀਐਸਪੀ ਸਤਵਿੰਦਰ ਸਿੰਘ ਅਨੁਸਾਰ ਏਐਸਆਈ ਕੁਲਜੀਤ ਸਿੰਘ ਦੀ ਮੌਤ ਹਥਿਆਰਾਂ ਦੀ ਚੈਕਿੰਗ ਦੌਰਾਨ ਅਚਾਨਕ ਚੱਲੀ ਗੋਲੀ ਲੱਗਣ ਕਾਰਨ ਹੋਈ। ਕੁਲਜੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਚ ਰਖਵਾਇਆ ਗਿਆ ਹੈ। ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *