ਪੰਜਾਬ ਵਿਚ ਜਿਲ੍ਹਾ ਜਲੰਧਰ ਚ ਪਤਾਰਾ ਦੇ ਨਾਲ ਲੱਗਦੇ ਪਿੰਡ ਸੇਮੀ ਵਿਚ ਸਥਿਤ ਧਾਰਮਿਕ ਡੇਰੇ ‘ਚ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸ਼ੀ ਦਲਜੀਤ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਸੇਮੀ ਪਿੰਡ ਪਤਾਰਾ ਨੂੰ ਪੁਲਸ ਨੇ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਐਸਪੀ (ਡੀ) ਸਰਬਜੀਤ ਸਿੰਘ ਬਾਹੀਆਂ ਨੇ ਦੱਸਿਆ ਕਿ ਕਤਲ ਦੇ ਦੋਸ਼ੀ ਦਲਜੀਤ ਸਿੰਘ ਦੀ ਜਗਦੀਸ਼ ਲਾਲ ਉਰਫ਼ ਜੰਮੂ ਬਾਬਾ ਨਾਲ ਜ਼ਮੀਨ ਦੇ ਹਿੱਸੇ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਡੇਰੇ ਨੂੰ ਕੁਝ ਥਾਂ ਦਾਨ ਕਰ ਦਿੱਤੀ ਸੀ। ਦਲਜੀਤ ਜ਼ਮੀਨ ਨੂੰ ਹੜੱਪਣ ਦੀ ਸਾਜ਼ਿਸ਼ ਰਚ ਰਿਹਾ ਸੀ। ਮੰਗਲਵਾਰ ਦੇਰ ਰਾਤ ਡੇਰੇ ਦੇ ਅੰਦਰ ਸੁੱਤੇ ਪਏ ਜਗਦੀਸ਼ ਲਾਲ ਬਾਬਾ ਦੀ ਛਾਤੀ ਅਤੇ ਸਿਰ ਤੇ 7 ਵਾਰ ਕੀਤੇ। ਰਾਤ ਸਮੇਂ ਬਾਬਾ ਦੇ ਡੇਰੇ ਵਿੱਚ ਇਕੱਲੇ ਹੋਣ ਦਾ ਫਾਇਦਾ ਉਠਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਵਾਰਦਾਤ ਵਿਚ ਵਰਤਿਆ ਹਥਿਆਰ ਬਰਾਮਦ ਕੀਤਾ
ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਦਲਜੀਤ ਸਿੰਘ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਗੁਪਤ ਸੂਚਨਾ ਤੋਂ ਪੁਲਿਸ ਨੂੰ ਪਤਾ ਲੱਗਾ ਕਿ ਉਹ ਹਰੀਪੁਰ-ਆਦਮਪੁਰ ਨਹਿਰ ਦੇ ਨੇੜੇ ਹੈ ਅਤੇ ਸ਼ਹਿਰ ਤੋਂ ਭੱਜਣ ਦੀ ਕੋਸ਼ਿਸ਼ ਵਿਚ ਹੈ। ਡੀਐਸਪੀ ਸਰਬਜੀਤ ਰਾਏ ਅਤੇ ਥਾਣਾ ਇੰਚਾਰਜ ਅਰਸ਼ਦੀਪ ਕੌਰ ਨੇ ਪੁਲੀਸ ਪਾਰਟੀ ਸਮੇਤ ਮੌਕੇ ਉਤੇ ਪਹੁੰਚ ਕੇ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਕਬਜ਼ੇ ਵਿਚੋਂ ਵਾਰਦਾਤ ‘ਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ।
ਨਸੇ ਦਾ ਆਦੀ ਹੈ ਦਲਜੀਤ
SP (ਡੀ) ਸਰਬਜੀਤ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਦੋਸ਼ੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਸਮੇਂ ਉਹ ਸ਼ਰਾਬ ਦੇ ਨਸ਼ੇ ਵਿਚ ਧੁੱਤ ਸੀ। ਸ਼ਰਾਬ ਦਾ ਆਦੀ ਹੋਣ ਕਾਰਨ ਉਸ ਨੇ ਆਪਣੀ ਸਾਰੀ ਜਾਇਦਾਦ ਵੇਚ ਦਿੱਤੀ। ਨਸੇ ਦੀ ਪੂਰਤੀ ਲਈ ਉਸ ਨੇ ਆਪਣੇ ਤਿੰਨ ਖੇਤ, ਘਰ ਅਤੇ ਪਲਾਟ ਵੀ ਵੇਚ ਦਿੱਤੇ। ਇਸ ਤੋਂ ਬਾਅਦ ਉਹ ਡੇਰੇ ਵਿੱਚ ਰਹਿਣ ਲੱਗਿਆ। ਜਿਸ ਤੋਂ ਬਾਅਦ ਉਸ ਦਾ ਜਗਦੀਸ਼ ਨਾਲ ਝਗੜਾ ਸ਼ੁਰੂ ਹੋ ਗਿਆ। ਜਗਦੀਸ਼ ਦੇ ਪਿਤਾ ਪਹਿਲਾਂ ਡੇਰੇ ਵਿਚ ਸੇਵਾ ਕਰਦੇ ਸਨ ਅਤੇ ਫਿਰ ਜਗਦੀਸ਼ ਆ ਕੇ ਸੇਵਾ ਕਰਨ ਲੱਗਿਆ। 12 ਜੁਲਾਈ ਨੂੰ ਦੋਸ਼ੀ ਦਲਜੀਤ ਆਪਣਾ ਸਾਰਾ ਸਮਾਨ ਲੈ ਕੇ ਡੇਰੇ ਵਿੱਚ ਆਇਆ ਸੀ।