ਇਹ ਦੁਖਦਾਈ ਖ਼ਬਰ ਪੰਜਾਬ ਦੇ ਬਠਿੰਡਾ ਤੋਂ ਹੈ। ਇਥੋਂ ਦੇ ਮੁੱਕੇਬਾਜ਼ ਕੁਲਦੀਪ ਸਿੰਘ ਨੇ ਅੱਠ ਸਾਲ ਦੇ ਕਰੀਅਰ ਵਿੱਚ ਪੰਜ ਚਾਂਦੀ ਅਤੇ ਦੋ ਸੋਨ ਤਗਮੇ ਜਿੱਤੇ। ਕੋਚ ਹਰਦੀਪ ਸਿੰਘ ਬਰਾੜ ਦੇ ਦੱਸਣ ਅਨੁਸਾਰ ਕੁਲਦੀਪ ਸਿੰਘ ਬਹੁਤ ਹੀ ਹੋਣਹਾਰ ਅਤੇ ਤਿੱਖੇ ਦਿਮਾਗ਼ ਵਾਲਾ ਸੀ। ਪਰ ਉਹ ਨਸ਼ੇ ਵੱਲ ਕਿਵੇਂ ਗਿਆ ਇਹ ਇੱਕ ਬੁਝਾਰਤ ਬਣਿਆ ਹੋਇਆ ਹੈ। ਕੁਲਦੀਪ ਕਰੀਬ ਅੱਠ ਸਾਲ ਪਹਿਲਾਂ ਬਾਕਸਿੰਗ ਸਿੱਖਣ ਲਈ ਉਨ੍ਹਾਂ ਦੀ ਅਕੈਡਮੀ ਆਇਆ ਸੀ। ਉਨ੍ਹਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਇਕ ਦਿਨ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਮੁੱਕੇਬਾਜ਼ ਕੁਲਦੀਪ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਉਹ ਪੰਜਾਬ ਦੇ ਬਠਿੰਡਾ ਦਾ ਵਸਨੀਕ ਸੀ।
ਸਾਲ 2016-17 ਵਿੱਚ ਦੇਹਰਾਦੂਨ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਹੋਏ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਕੁਲਦੀਪ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਅਤੇ ਕੌਮੀ ਪੱਧਰ ਤੇ ਇੱਕ ਚੰਗੇ ਮੁੱਕੇਬਾਜ਼ ਦੇ ਵਜੋਂ ਆਪਣੀ ਪਹਿਚਾਣ ਬਣਾ ਲਈ ਸੀ। ਕੁਲਦੀਪ ਸਿੰਘ ਬੈਚਲਰ ਆਫ਼ ਫਿਜ਼ੀਕਲ ਐਜੂਕੇਸ਼ਨ ਦਾ ਵਿਦਿਆਰਥੀ ਸੀ। ਕੁਲਦੀਪ ਬੁੱਧਵਾਰ ਸਵੇਰੇ ਟਰੇਨਿੰਗ ਲਈ ਗਿਆ ਸੀ ਪਰ ਜਦੋਂ ਸ਼ਾਮ ਤੱਕ ਘਰ ਨਹੀਂ ਪਹੁੰਚਿਆ ਤਾਂ ਪਿਤਾ ਪ੍ਰੀਤਮ ਸਿੰਘ ਅਤੇ ਭਰਾ ਮੇਲਾ ਸਿੰਘ ਨੇ ਉਸ ਦੀ ਭਾਲ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਰੀਰ ਖੇਤਾਂ ਵਿਚੋਂ ਮਿਲਿਆ ।
ਕੁਲਦੀਪ ਦੀ ਬਾਂਹ ਤੇ ਮਿਲੇ ਟੀਕੇ ਦੇ ਨਿਸ਼ਾਨ
ਇਸ ਮਾਮਲੇ ਸਬੰਧੀ ਕੋਚ ਹਰਦੀਪ ਸਿੰਘ ਨੇ ਦੱਸਿਆ ਕਿ ਮੁੱਕੇਬਾਜ਼ ਕੁਲਦੀਪ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਜਦੋਂ ਪਰਿਵਾਰਕ ਮੈਂਬਰ ਉਸ ਨੂੰ ਨਹਾਉਣ ਲੱਗੇ ਤਾਂ ਦੇਖਿਆ ਕਿ ਉਸ ਦੀ ਬਾਂਹ ਉਤੇ ਟੀਕਿਆਂ ਦੇ ਕਈ ਨਿਸ਼ਾਨ ਸਨ। ਕੋਚ ਨੇ ਦੱਸਿਆ ਕਿ ਕੁਲਦੀਪ ਸਿੰਘ ਨਸ਼ੇ ਦਾ ਆਦੀ ਨਹੀਂ ਸੀ, ਪਰ ਉਸ ਨੇ ਕਦੋਂ ਅਤੇ ਕਿਸ ਦੀ ਸੰਗਤ ਵਿਚ ਨਸ਼ਾ ਕਰਨਾ ਸ਼ੁਰੂ ਕੀਤਾ, ਇਸ ਬਾਰੇ ਕੋਈ ਹਾਲੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਨੂੰ ਪਤਾ ਲੱਗਾ ਕਿ ਇਕ ਨੌਜਵਾਨ ਨੂੰ ਕਈ ਵਾਰ ਉਸ ਨਾਲ ਦੇਖਿਆ ਗਿਆ ਸੀ। ਇਸ ਸਬੰਧੀ ਪਤਾ ਕਰਨ ਤੇ ਪਤਾ ਲੱਗਿਆ ਕਿ ਉਕਤ ਨੌਜਵਾਨ ਨਸ਼ੇ ਦਾ ਆਦੀ ਹੈ।
ਤਿੰਨ ਸਾਲ ਦੀ ਉਮਰ ਵਿੱਚ ਛੱਡ ਗਈ ਸੀ ਮਾਂ
ਹਰਦੀਪ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਨੂੰ ਉਸਦੀ ਮਾਂ ਤਿੰਨ ਸਾਲ ਦੀ ਉਮਰ ਵਿੱਚ ਛੱਡ ਕੇ ਚਲੀ ਗਈ ਸੀ। ਇਸ ਤੋਂ ਬਾਅਦ ਵੱਡੀ ਭੈਣ ਨੇ ਹੀ ਕੁਲਦੀਪ ਅਤੇ ਮੇਲਾ ਨੂੰ ਪਾਲਿਆ। ਪਰਿਵਾਰ ਨੂੰ ਕੁਲਦੀਪ ਸਿੰਘ ਤੋਂ ਬਹੁਤ ਉਮੀਦਾਂ ਸਨ ਪਰ ਉਨ੍ਹਾਂ ਨੂੰ ਘੱਟ ਹੀ ਪਤਾ ਸੀ ਕਿ ਇਕ ਦਿਨ ਕੁਲਦੀਪ ਸਿੰਘ ਉਨ੍ਹਾਂ ਦੇ ਸੁਪਨੇ ਤੋੜ ਕੇ ਹਮੇਸ਼ਾ ਲਈ ਦੂਰ ਚਲਾ ਜਾਵੇਗਾ। ਕੋਚ ਹਰਦੀਪ ਸਿੰਘ ਨੇ ਦੱਸਿਆ ਕਿ ਮੁੱਕੇਬਾਜ਼ ਕੁਲਦੀਪ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਦਿਹਾੜੀ ਦਾ ਕੰਮ ਕਰਦੇ ਹਨ, ਜਦੋਂ ਕਿ ਉਸ ਦਾ ਭਰਾ ਮੇਲਾ ਸਿੰਘ ਪਿੰਡ ਵਿੱਚ ਹੀ ਨਾਈ ਦੀ ਦੁਕਾਨ ਕਰਦਾ ਹੈ।