ਇਹ ਖ਼ਬਰ ਪੰਜਾਬ ਦੇ ਮਲੇਰਕੋਟਲਾ ਤੋਂ ਸਾਹਮਣੇ ਆਈ ਹੈ। ਇਥੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਇੱਕ ਮੁਸਲਿਮ ਕੌਂਸਲਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦਿਨ ਦਿਹਾੜੇ ਵਾਪਰੀ ਇਸ ਘਟਨਾ ਨੇ ਸ਼ਹਿਰ ਵਿਚ ਹੜਕੰਪ ਮਚਾ ਦਿੱਤਾ ਹੈ। ਵੱਡੀ ਗੱਲ ਇਹ ਹੈ ਕਿ ਇਹ ਘਟਨਾ ਮੁਸਲਿਮ ਅਬਾਦੀ ਵਾਲੇ ਜ਼ਿਲ੍ਹੇ ਮਲੇਰਕੋਟਲਾ ਵਿਚ ਹੋਈ ਹੈ।
ਇਕ ਸਾਲ ਪਹਿਲਾਂ ਭਰਾ ਦਾ ਵੀ ਗੋਲੀ ਮਾਰ ਕੇ ਕੀਤਾ ਗਿਆ ਸੀ ਕਾਤਲ
ਐਤਵਾਰ ਸਵੇਰੇ ਮਲੇਰਕੋਟਲਾ ਦੇ ਲੁਧਿਆਣਾ ਬਾਈਪਾਸ ਨੇੜੇ ਜਿਮ ਵਿਚ ਕਸਰਤ ਕਰ ਰਹੇ ਆਮ ਆਦਮੀ ਪਾਰਟੀ ਦੇ ਕੌਸਲਰ ਮੁਹੰਮਦ ਅਕਬਰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪਿਛਲੇ ਸਾਲ ਅਕਬਰ ਦੇ ਵੱਡੇ ਭਰਾ ਮੁਹੰਮਦ ਅਨਵਰ ਦੀ ਵੀ ਰਾਣੀ ਪੈਲੇਸ ਕੈਨਰੀ ਵਿਖੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹਮਲਾਵਰ ਐਤਵਾਰ ਨੂੰ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਆਪ ਵਿੱਚ ਹੋਏ ਸੀ ਸ਼ਾਮਲ
ਮ੍ਰਿਤਕ ਕੌਂਸਲਰ ਮੁਹੰਮਦ ਅਕਬਰ ਇਸ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਸ ਪਾਰਟੀ ਮਾਮਲੇ ਦੀ ਜਾਂਚ ਪੜਤਾਲ ਵਿਚ ਜੁਟੀ ਹੈ। ਕੌਂਸਲਰ ਦੇ ਕਤਲ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਦਿਖਾਈ ਦੇ ਰਿਹਾ ਹੈ।
ਹਮਲਾਵਰਾਂ ਨੂੰ ਕਾਬੂ ਕਰਨ ਲਈ ਨਾਕਾਬੰਦੀ
ਇਸ ਕਤਲ ਦੀ ਵਾਰਦਾਤ ਤੋਂ ਬਾਅਦ ਪੁਲਿਸ ਨੇ ਹਮਲਾਵਰਾਂ ਨੂੰ ਫੜਨ ਲਈ ਸ਼ਹਿਰ ਭਰ ਵਿੱਚ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਜਾਂਚ ਕੀਤੀ ਹੈ। ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ‘ਆਪ’ ਦੀ ਸਰਕਾਰ ਵਿਚ ਵਰਕਰ ਅਤੇ ਆਗੂ ਹੀ ਸੁਰੱਖਿਅਤ ਨਹੀਂ ਰਹਿਣਗੇ ਤਾਂ ਬਾਕੀ ਲੋਕਾਂ ਦਾ ਕੀ ਬਣੇਗਾ। ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਪਹਿਲਾਂ ਹੀ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਹੈ। ਹੁਣ ਮਲੇਰਕੋਟਲਾ ਵਿੱਚ ਇੱਕ ਕੌਂਸਲਰ ਦੇ ਕਤਲ ਨੇ ਵਿਰੋਧੀ ਧਿਰ ਨੂੰ ਹਮਲਾ ਕਰਨ ਦਾ ਇੱਕ ਹੋਰ ਮੌਕਾ ਦੇ ਦਿੱਤਾ ਹੈ। ਪਿਛਲੇ 5 ਮਹੀਨਿਆਂ ਵਿਚ ਸੂਬੇ ‘ਚ ਕਤਲ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।