ਆਪਣੇ ਆਸ-ਪਾਸ ਬੇਸਹਾਰਾ ਬੇਜੁਬਾਨਾਂ ਨੂੰ ਮੁਸੀਬਤ ਵਿੱਚ ਦੇਖ ਕੇ ਤਰਸ ਤਾਂ ਸਾਰਿਆਂ ਨੂੰ ਆਉਂਦਾ ਹੈ ਪਰ ਉਨ੍ਹਾਂ ਲਈ ਕੁਝ ਕਰਨ ਦਾ ਜਜ਼ਬਾ ਕਿਸੇ-ਕਸੇ ਦੇ ਅੰਦਰ ਹੀ ਹੁੰਦਾ ਹੈ। ਅਜਿਹੀ ਹੀ ਇੱਕ ਮਹਿਲਾ ਹੈ ਮੰਗਲੁਰੂ (ਕਰਨਾਟਕ) ਦੀ ਰਹਿਣ ਵਾਲੀ ਰਜਨੀ ਸ਼ੈੱਟੀ। ਕਰੀਬ 20 ਸਾਲ ਪਹਿਲਾਂ ਬੱਸ ਵਿਚ ਸਫਰ ਕਰਦੇ ਸਮੇਂ ਉਨ੍ਹਾਂ ਨੇ ਇਕ ਭੁੱਖੇ ਕੁੱਤੇ ਨੂੰ ਖਾਣੇ ਦੀ ਰੇੜੀ ਵੱਲ ਦੇਖਦਿਆਂ ਦੇਖਿਆ। ਭੋਜਨ ਲਈ ਕੁੱਤੇ ਨੂੰ ਤਰਸਦਿਆਂ ਦੇਖ ਕੇ ਉਸ ਨੂੰ ਦਰਦ ਹੋਇਆ ਉਸ ਨੂੰ ਉਸ ਨੇ ਨਜ਼ਰ ਅੰਦਾਜ਼ ਨਹੀਂ ਕੀਤਾ। ਸਗੋਂ ਉਹ ਉਸੇ ਸਮੇਂ ਬੱਸ ਤੋਂ ਉਤਰ ਗਈ ਅਤੇ ਉਸ ਭੁੱਖੇ ਕੁੱਤੇ ਲਈ ਖਾਣਾ ਲੈ ਆਈ। ਉਸ ਦਿਨ ਤੋਂ ਅੱਜ ਤੱਕ ਬੇਜ਼ੁਬਾਨਾਂ ਦੀ ਮਦਦ ਕਰਨ ਦਾ ਇਹ ਸਿਲਸਿਲਾ ਨਹੀਂ ਰੁਕਿਆ।
ਰਜਨੀ ਸ਼ੈੱਟੀ ਆਪਣਾ ਘਰ ਚਲਾਉਣ ਦੇ ਲਈ ਦੂਜਿਆਂ ਦੇ ਘਰ ਕੰਮ ਕਰਦੀ ਹੈ। ਉਸ ਕੋਲ ਭਾਵੇਂ ਜ਼ਿਆਦਾ ਪੈਸਾ ਨਾ ਹੋਣ, ਪਰ ਇਨ੍ਹਾਂ ਜਾਨਵਰਾਂ ਲਈ ਉਸ ਦੇ ਦਿਲ ਵਿਚ ਬਹੁਤ ਜਗ੍ਹਾ ਹੈ। ਅੱਜਕੱਲ੍ਹ ਹਰ ਰੋਜ਼ ਇਕ-ਦੋ ਨਹੀਂ ਬਲਕਿ 800 ਸੜਕ ਤੇ ਫਿਰਨ ਵਾਲੇ ਜਾਨਵਰਾਂ ਲਈ ਖਾਣਾ ਬਣਾਉਂਦੀ ਹੈ। ਉਹ ਹਰ ਰੋਜ਼ 200 ਕਿਲੋ ਚੌਲ ਅਤੇ ਚਿਕਨ ਪਕਾਉਂਦੀ ਹੈ।
ਇੰਨਾ ਹੀ ਨਹੀਂ ਉਹ ਕਈ ਵਾਰ ਜਾਨਵਰਾਂ ਦੀ ਜਾਨ ਬਚਾਉਣ ਲਈ ਆਪਣੇ ਆਪ ਨੂੰ ਮੁਸੀਬਤ ਵਿੱਚ ਵੀ ਪਾ ਚੁੱਕੀ ਹੈ। ਉਹ ਕਈ ਵਾਰ ਖੂਹਾਂ ‘ਚ ਛਾਲ ਮਾਰ ਕੇ ਅਤੇ ਉੱਚੀਆਂ ਕੰਧਾਂ ਤੇ ਚੜ੍ਹ ਕੇ ਕਈ ਵਾਰ ਫਸੇ ਜਾਨਵਰਾਂ ਨੂੰ ਬਚਾ ਚੁੱਕੀ ਹੈ। ਇਸ ਤਰ੍ਹਾਂ ਪਿਛਲੇ 20 ਸਾਲਾਂ ਵਿਚ ਉਸ ਨੇ ਇਕ ਦੋ ਨਹੀਂ ਸਗੋਂ 2000 ਬੇਜੁਬਾਨਾਂ ਦੀ ਜਾਨ ਬਚਾਈ ਹੈ। ਇਸ ਕੰਮ ਵਿੱਚ ਉਸ ਦਾ ਪਤੀ ਦਮੋਦਰ ਅਤੇ ਉਸ ਦੇ ਦੋ ਬੱਚੇ ਵੀ ਉਸ ਦਾ ਪੂਰਾ ਸਾਥ ਦਿੰਦੇ ਹਨ। ਉਸ ਦਾ ਦਿਨ ਸਵੇਰੇ 5.30 ਵਜੇ ਸ਼ੁਰੂ ਹੁੰਦਾ ਹੈ, ਜਦੋਂ ਉਹ ਇਨ੍ਹਾਂ ਬੇਜ਼ੁਬਾਨਾਂ ਲਈ ਖਾਣਾ ਤਿਆਰ ਕਰਦੀ ਹੈ ਅਤੇ ਖਾਣੇ ਨੂੰ ਆਪਣੀ ਸਕੂਟੀ ਤੇ ਲੈ ਜਾਂਦੀ ਹੈ। ਸਵੇਰੇ ਉਸ ਦੇ ਨਾਲ ਉਸ ਦੀ ਧੀ ਜਾਂਦੀ ਹੈ। ਜੋ ਰਸਤੇ ਵਿੱਚ ਮਿਲਣ ਵਾਲੇ ਸਾਰੇ ਜਾਨਵਰਾਂ ਨੂੰ ਖਾਣਾ ਪਾਉਣ ਦਾ ਕੰਮ ਕਰਦੀ ਹੈ।
ਰਜਨੀ ਅਤੇ ਉਸ ਦਾ ਪਰਿਵਾਰ ਇਨ੍ਹਾਂ ਜਾਨਵਰਾਂ ਦੀ ਸੇਵਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ। ਇਕ ਸਮੇਂ ਤਾਂ ਉਸ ਕੋਲ ਆਪਣੇ ਘਰ ਦਾ ਕਿਰਾਇਆ ਦੇਣ ਲਈ ਵੀ ਪੈਸੇ ਨਹੀਂ ਸਨ ਪਰ ਉਸੇ ਸਮੇਂ ਉਸ ਵੱਲੋਂ ਕੁੱਤੇ ਨੂੰ ਬਚਾਉਣ ਦੀ ਵੀਡੀਓ ਵਾਇਰਲ ਹੋ ਗਈ। ਇਸ ਨੂੰ ਦੇਖਦਿਆਂ ਸ਼ਹਿਰ ਦੀਆਂ ਕਈ ਸੰਸਥਾਵਾਂ ਉਨ੍ਹਾਂ ਦੀ ਆਰਥਿਕ ਮਦਦ ਲਈ ਅੱਗੇ ਆਈਆਂ।
ਰਜਨੀ ਸੇਟੀ ਨੂੰ ਇਨ੍ਹਾਂ ਸਭ ਜਾਨਵਰਾਂ ਨਾਲ ਬੇਹੱਦ ਪਿਆਰ ਹੈ। ਇਸ ਲਈ ਇਨ੍ਹਾਂ ਨੂੰ ਖਾਣਾ ਖਿਲਾ ਕੇ ਉਸ ਨੂੰ ਬੇਹੱਦ ਖੁਸ਼ੀ ਮਿਲਦੀ ਹੈ। ਇਹੀ ਕਾਰਨ ਹੈ ਕਿ ਉਹ ਕਦੇ ਵੀ ਇਸ ਕੰਮ ਨੂੰ ਰੋਕਣਾ ਨਹੀਂ ਚਾਹੁੰਦੀ ਅਤੇ ਇਹ ਸਭ ਉਸ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ।
ਉਸ ਦਾ ਸੁਪਨਾ ਹੈ ਕਿ ਸ਼ਹਿਰ ਵਿਚ ਇਕ ਅਜਿਹਾ ਵਿਸ਼ੇਸ਼ ਹਸਪਤਾਲ ਖੋਲ੍ਹਿਆ ਜਾਵੇ, ਜਿਸ ਵਿਚ ਦਿਨ-ਰਾਤ ਸੜਕ ਤੇ ਘੁੰਮਦੇ ਬੇਜੁਬਾਨਾਂ ਦਾ ਮੁਫ਼ਤ ਇਲਾਜ ਹੋਵੇ, ਰਜਨੀ ਦੀ ਕਹਾਣੀ ਇਹ ਸਾਬਤ ਕਰਦੀ ਹੈ ਕਿ ਮਨੁੱਖਤਾ ਅਜੇ ਵੀ ਜ਼ਿੰਦਾ ਹੈ। (ਖ਼ਬਰ ਸਰੋਤ ਦ ਬੇਟਰ ਇੰਡੀਆ)