ਦੁਖਦਾਈ ਖ਼ਬਰ, ਹਿਮਾਚਲ ਪ੍ਰਦੇਸ਼ ਦੇ ਊਨਾ ਦੀ ਗੋਬਿੰਦ ਸਾਗਰ ਝੀਲ ਵਿਚ ਸੋਮਵਾਰ ਨੂੰ ਸੱਤ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਸਾਰੇ ਨੌਜਵਾਨ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਵਸਨੀਕ ਸਨ। ਇਹ ਹਾਦਸਾ ਦੁਪਹਿਰ ਕਰੀਬ 3.30 ਵਜੇ ਵਾਪਰਿਆ। ਗਰੀਬਨਾਥ ਮੰਦਰ ਨੇੜੇ ਝੀਲ ‘ਚ ਪਹਿਲਾਂ ਇਕ ਨੌਜਵਾਨ ਡੁੱਬ ਗਿਆ ਅਤੇ ਫਿਰ ਬਾਕੀ 6 ਨੇ ਉਸ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ ਪਰ ਉਹ ਵੀ ਬਾਹਰ ਨਹੀਂ ਆ ਸਕੇ। ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਗੋਤਾਖੋਰਾਂ ਨੇ 7 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਊਨਾ ਭੇਜ ਦਿੱਤਾ ਗਿਆ ਹੈ।
ਪੰਜਾਬ ਦੇ ਮੋਹਾਲੀ ਤੋਂ ਨੈਣਾ ਦੇਵੀ ਦੇ ਦਰਸ਼ਨਾਂ ਲਈ 11 ਲੋਕ ਆਏ ਸਨ ਅਤੇ ਦਰਸ਼ਨ ਕਰਨ ਤੋਂ ਬਾਅਦ ਬਾਬਾ ਬਾਲਕ ਨਾਥ ਦੇ ਦਰਸ਼ਨਾਂ ਲਈ ਨਿਕਲੇ ਸਨ। ਸਾਰੇ ਲੋਕ ਦੁਪਹਿਰ 12.30 ਵਜੇ ਬਾਬਾ ਗਰੀਬਨਾਥ ਮੰਦਰ ਪਹੁੰਚੇ। ਦਰਸ਼ਨਾਂ ਤੋਂ ਬਾਅਦ ਗੋਬਿੰਦ ਸਾਗਰ ਝੀਲ ‘ਚ ਇਕ ਨੌਜਵਾਨ ਇਸ਼ਨਾਨ ਕਰਨ ਲਈ ਉਤਰਿਆ, ਜੋ ਡੂੰਘੇ ਪਾਣੀ ਵਿਚ ਡੁੱਬਣ ਲੱਗਿਆ। ਉਸ ਨੂੰ ਡੁੱਬਦਾ ਦੇਖ ਕੇ 6 ਹੋਰ ਨੌਜਵਾਨਾਂ ਨੇ ਉਸ ਨੂੰ ਬਚਾਉਣ ਲਈ ਝੀਲ ਵਿਚ ਛਾਲ ਮਾਰ ਦਿੱਤੀ। ਪਰ ਇਨ੍ਹੀਂ ਦਿਨੀਂ ਬਾਰਿਸ਼ ਕਾਰਨ ਝੀਲ ਵਿਚ ਪਾਣੀ ਜ਼ਿਆਦਾ ਹੋਣ ਕਰਕੇ ਡੂੰਘਾਈ ਦਾ ਪਤਾ ਨਾ ਲੱਗਣ ਕਾਰਨ ਸਾਰੇ ਡੁੱਬਣ ਲੱਗੇ।
ਇਨ੍ਹਾਂ 7 ਲੜਕਿਆਂ ਨੂੰ ਡੁੱਬਦੇ ਦੇਖ ਕੇ ਕੋਈ ਵੀ ਪਾਣੀ ਵਿਚ ਜਾਣ ਦੀ ਹਿੰਮਤ ਨਾ ਕਰ ਸਕਿਆ ਅਤੇ 4 ਹੋਰ ਸਾਥੀਆਂ ਨੇ ਰੌਲਾ ਪਾਇਆ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ਤੇ ਇਕੱਠੇ ਹੋ ਗਏ। ਸਥਾਨਕ ਤੈਰਾਕਾਂ ਨੇ ਝੀਲ ਵਿਚ ਡੁੱਬੇ ਨੌਜਵਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਅਸਫਲ ਰਹੀ। ਫਿਰ ਗੋਤਾਖੋਰ ਵੀ ਰਾਹਤ ਅਤੇ ਬਚਾਅ ਲਈ ਉਥੇ ਪਹੁੰਚੇ। ਸ਼ਾਮ 6 ਵਜੇ ਜਾ ਕੇ ਲਾਸ਼ਾਂ ਨੂੰ ਬਰਾਮਦ ਕੀਤਾ ਜਾ ਸਕਿਆ।
6 ਨੌਜਵਾਨ 16 ਤੋਂ 19 ਸਾਲ ਦੇ ਹਨ ਇਕ 32 ਸਾਲ ਦਾ
ਇਨ੍ਹਾਂ ਨਾਲ ਆਏ ਨੌਜਵਾਨਾਂ ਨੇ ਦੱਸਿਆ ਕਿ ਡੁੱਬਣ ਵਾਲੇ 6 ਨੌਜਵਾਨ 16 ਤੋਂ 19 ਸਾਲ ਦੇ ਹਨ ਅਤੇ ਇਕ 32 ਸਾਲ ਦਾ ਹੈ। ਇਹ ਸਾਰੇ ਮੋਹਾਲੀ ਜ਼ਿਲ੍ਹੇ ਦੇ ਨਾਲ ਲੱਗਦੇ ਬਨੂੜ ਇਲਾਕੇ ਦੇ ਹਨ। ਇਸ ਦੇ ਨਾਲ ਸੂਚਨਾ ਮਿਲਦੇ ਹੀ ਐਸਡੀਐਮ ਯੋਗਰਾਜ ਧੀਮਾਨ ਵੀ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਝੀਲ ਵਿੱਚ ਡੁੱਬੇ ਨੌਜਵਾਨਾਂ ਨੂੰ ਕੱਢਣ ਲਈ ਬੀਬੀਐਮਬੀ ਨੰਗਲ ਤੋਂ ਗੋਤਾਖੋਰ ਬੁਲਾਏ ਗਏ ਸਨ ਬਚਾਅ ਕਾਰਜ 6 ਵਜੇ ਸਾਰੀਆਂ ਲਾਸ਼ਾਂ ਮਿਲਣ ਤੱਕ ਜਾਰੀ ਰਿਹਾ। ਡੀਐਸਪੀ ਹੈੱਡਕੁਆਰਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਬਾਕੀ ਚਾਰ ਨੌਜਵਾਨਾਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਇਸ ਹਾਦਸੇ ਦੌਰਾਨ ਝੀਲ ਵਿੱਚ ਡੁੱਬਣ ਵਾਲਿਆਂ ਵਿੱਚ ਪਵਨ ਉਮਰ 35 ਸਾਲ ਪੁੱਤਰ ਸੁਰਜੀਤ ਰਾਮ, ਰਮਨ ਕੁਮਾਰ ਉਮਰ 19 ਸਾਲ ਪੁੱਤਰ ਲਾਲ ਚੰਦ, ਲਾਭ ਸਿੰਘ ਉਮਰ 17 ਸਾਲ ਪੁੱਤਰ ਲਾਲ ਚੰਦ, ਲਖਵੀਰ ਸਿੰਘ ਉਮਰ 16 ਸਾਲ ਪੁੱਤਰ ਰਮੇਸ਼ ਲਾਲ, ਅਰੁਣ ਕੁਮਾਰ ਉਮਰ 14 ਸਾਲ ਪੁੱਤਰ ਰਮੇਸ਼ ਕੁਮਾਰ, ਵਿਸ਼ਾਲ ਕੁਮਾਰ ਉਮਰ 18 ਸਾਲ ਪੁੱਤਰ ਰਾਜੂ, ਸ਼ਿਵਾ ਉਮਰ 16 ਸਾਲ ਪੁੱਤਰ ਅਵਤਾਰ ਸਿੰਘ ਸ਼ਾਮਲ ਹਨ। ਸਾਰੇ ਹੀ ਬਨੂੜ ਦੇ ਰਹਿਣ ਵਾਲੇ ਹਨ।