ਪੰਜਾਬ ਦੇ ਜਿਲ੍ਹਾ ਪਟਿਆਲਾ ਵਿਖੇ ਬੁੱਧਵਾਰ ਨੂੰ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੋ ਦੀ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀ ਪਟਿਆਲਾ ਮੇਨ ਬ੍ਰਾਂਚ ਵਿਚੋਂ ਇਕ 10-15 ਸਾਲਾ ਲੜਕਾ 35 ਲੱਖ ਰੁਪਏ ਨਾਲ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਿਆ। ਲੱਖਾਂ ਰੁਪਏ ਦੀ ਇਹ ਰਕਮ ਬੈਂਕ ਦੇ ਬਾਹਰ ਏਟੀਐਮ ਦੇ ਵਿੱਚ ਪਾਉਣ ਲਈ ਰੱਖੀ ਹੋਈ ਸੀ। ਬੈਗ ਗਾਇਬ ਹੋਣ ਤੇ ਬੈਂਕ ਵਿਚ ਹੜਕੰਪ ਮਚ ਗਿਆ। ਜਲਦਬਾਜ਼ੀ ਵਿੱਚ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਗਿਆ ਅਤੇ ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ।
ਇਹ ਸਵੇਰੇ 11.30 ਵਜੇ ਦੀ ਹੈ ਘਟਨਾ
ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ਐਸਪੀ ਸਿਟੀ ਵਜ਼ੀਰ ਸਿੰਘ ਪੂਰੀ ਟੀਮ ਦੇ ਨਾਲ ਮੌਕੇ ਉਤੇ ਪਹੁੰਚੇ। ਜਾਂਚ ਤੋਂ ਬਾਅਦ ਐਸਪੀ ਨੇ ਦੱਸਿਆ ਕਿ ਸਵੇਰੇ ਕਰੀਬ 11.30 ਵਜੇ ਇੱਕ ਨਾਬਾਲਗ ਲੜਕਾ ਬੈਂਕ ਵਿੱਚ ਆਇਆ ਅਤੇ 35 ਲੱਖ ਰੁਪਏ ਵਾਲਾ ਬੈਗ ਲੈ ਕੇ ਫਰਾਰ ਹੋ ਗਿਆ। ਇਸ ਤੋਂ ਪਹਿਲਾਂ ਉਸ ਲੜਕੇ ਨੇ 15-20 ਮਿੰਟ ਤੱਕ ਬੈਂਕ ਦੀ ਰੇਕੀ ਕੀਤੀ ਅਤੇ ਮੌਕਾ ਮਿਲਦੇ ਹੀ ਉਹ ਬੈਗ ਲੈ ਕੇ ਫ਼ਰਾਰ ਹੋ ਗਿਆ।
ਰੈੱਕੀ ਤੋਂ ਬਾਅਦ ਬੈਗ ਉਡਾ ਕੇ ਲੈ ਗਿਆ
ਜਿਸ ਤਰ੍ਹਾਂ ਐਸਬੀਆਈ ਬੈਂਕ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਬੱਚਾ ਵੀ ਕਿਸੇ ਬਦਨਾਮ ਚੋਰ ਗਿਰੋਹ ਦਾ ਮੈਂਬਰ ਜਾਪਦਾ ਹੈ। ਪੁਲੀਸ ਨੇ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਹੈ ਅਤੇ ਪੈਸਿਆਂ ਵਾਲਾ ਬੈਗ ਲੈ ਕੇ ਨਿਕਲੇ ਨਾਬਾਲਗ ਦੀ ਭਾਲ ਜਾਰੀ ਹੈ। ਦੱਸਿਆ ਗਿਆ ਕਿ ਬੈਂਕ ਵਿਚ ਇਹ ਬੱਚਾ ਇਕੱਲਾ ਨਹੀਂ ਸੀ, ਸਗੋਂ ਉਸ ਦੇ ਨਾਲ ਇਕ ਹੋਰ 25 ਸਾਲਾ ਨੌਜਵਾਨ ਵੀ ਨਜ਼ਰ ਆ ਰਿਹਾ ਹੈ। ਐਸਪੀ ਨੇ ਦੱਸਿਆ ਹੈ ਕਿ ਪੁਲਿਸ ਦੀਆਂ ਕਈ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਫਿਲਹਾਲ ਪੈਸੇ ਲੈ ਕੇ ਭੱਜਣ ਵਾਲੇ ਲੜਕੇ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ।