ਭਾਰਤੀ -ਤਿੱਬਤ, ਚੀਨ ਸਰਹੱਦ ਨਾਲ ਲੱਗਦੀ ਨੇਲੋਂਗ ਸਰਹੱਦ ਉਤੇ ਜ਼ਰੂਰੀ ਗਸ਼ਤ ਦੌਰਾਨ ਭਾਰੀ ਢਿੱਗਾਂ ਡਿੱਗਣ ਕਾਰਨ ਭਾਰਤੀ ਫ਼ੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਉਥੇ ਹੀ ਦੂਜੇ ਜਵਾਨ ਨੂੰ ਗੰਭੀਰ ਹਾਲਤ ਇਚ ਫੌਜ ਦੇ ਹੈਲੀਕਾਪਟਰ ਰਾਹੀਂ ਦੇਹਰਾਦੂਨ ਦੇ ਮਿਲਟਰੀ ਹਸਪਤਾਲ ਭੇਜਿਆ ਗਿਆ ਹੈ। ਸ਼ਹੀਦ ਜਵਾਨ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ।
ਭਾਰਤ-ਤਿੱਬਤ ਚੀਨ ਸਰਹੱਦ ਨਾਲ ਲੱਗਦੀ ਨੇਲੋਂਗ ਸਰਹੱਦ ਤੇ ਹਰਸ਼ੀਲ ਫੌਜ ਦੀ ਇਕ ਟੀਮ ਭੈਰੋਂ ਘਾਟੀ ਤੋਂ 3 ਕਿਲੋਮੀਟਰ ਅੱਗੇ ਹਵਾਬੈਂਡ ਨੇੜੇ ਗਸ਼ਤ ਦੌਰਾਨ ਭਾਰੀ ਢਿੱਗਾਂ ਦੀ ਲਪੇਟ ਵਿਚ ਆ ਗਈ। ਇਸ ਵਿੱਚ ਫੌਜ ਦਾ ਜਵਾਨ ਸੁਖਜਿੰਦਰ ਸਿੰਘ ਉਮਰ 22 ਸਾਲ ਵਾਸੀ ਸੁਚੇਤਗੜ੍ਹ ਜੰਮੂ ਖਾਈ ਵਿੱਚ ਡਿੱਗ ਕੇ ਸ਼ਹੀਦ ਹੋ ਗਿਆ। ਇਸ ਘਟਨਾ ਵਿਚ ਫੌਜ ਦਾ ਇਕ ਡਾਕਟਰ ਵੀ ਗੰਭੀਰ ਜ਼ਖਮੀ ਹੋ ਗਿਆ। ਬਚਾਅ ਟੀਮ ਨੇ ਖਾਈ ਵਿਚ ਡਿੱਗੇ ਜਵਾਨ ਸੁਖਜਿੰਦਰ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ। ਜਿੱਥੇ ਡਾਕਟਰਾਂ ਨੇ ਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਫੌਜ ਦੀ ਟੀਮ ਪੈਦਲ ਜਾ ਰਹੀ ਸੀ
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਮੈਡੀਕਲ ਅਫਸਰ ਨੂੰ ਇਲਾਜ ਲਈ ਫੌਜ ਦੇ ਹੈਲੀਕਾਪਟਰ ਰਾਹੀਂ ਫੌਜੀ ਹਸਪਤਾਲ ਦੇਹਰਾਦੂਨ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੌਜ ਦੀ ਟੀਮ ਨੇਲਾਂਗ ਤੋਂ ਗਸ਼ਤ ਕਰਦੇ ਹੋਏ ਹਰਸ਼ੀਲ ਕੈਂਪ ਵੱਲ ਆ ਰਹੀ ਸੀ। ਇਸ ਦੌਰਾਨ ਜ਼ਮੀਨ ਖਿਸਕ ਗਈ। ਪਤਾ ਲੱਗਾ ਹੈ ਕਿ ਭੈਰੋਂ ਘਾਟੀ ਤੋਂ ਅੱਗੇ ਹਵਾਬੈਡ ਨੇੜੇ ਸੜਕ ਬੰਦ ਹੋਣ ਕਾਰਨ ਫੌਜ ਦੀ ਟੀਮ ਗੱਡੀ ਤੋਂ ਹੇਠਾਂ ਉਤਰ ਕੇ ਜ਼ਮੀਨ ਖਿਸਕਣ ਵਾਲੀ ਥਾਂ ਤੋਂ ਪੈਦਲ ਜਾ ਰਹੀ ਸੀ। ਇਸ ਦੌਰਾਨ ਪਹਾੜੀ ਤੋਂ ਪੱਥਰ ਅਤੇ ਮਲਬੇ ਦੀ ਵੱਡੀ ਚੱਟਾਨ ਟੁੱਟ ਗਈ ਅਤੇ ਫੌਜ ਦਾ ਜਵਾਨ ਸੁਖਜਿੰਦਰ ਢਿੱਗਾਂ ਡਿੱਗਣ ਕਾਰਨ ਡੂੰਘੀ ਖੱਡ ਵਿੱਚ ਜਾ ਡਿੱਗਿਆ। ਫਿਲਹਾਲ ਇਸ ਘਟਨਾ ਉਤੇ ਫੌਜ ਵਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ।
ਸ਼ਹੀਦ ਦੀ ਦੇਹ ਫੌਜ ਨੂੰ ਸੌਂਪ ਦਿੱਤੀ ਗਈ
ਜ਼ਿਲਾ ਮੈਜਿਸਟ੍ਰੇਟ ਅਭਿਸ਼ੇਕ ਰੁਹੇਲਾ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਹਾਦਸਾ ਨੇਲਾਂਗ ਸਰਹੱਦ ਉਤੇ ਭੈਰੋਂਘਾਟੀ ਨੇੜੇ ਵਾਪਰਿਆ ਹੈ। ਇਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਜ਼ਖਮੀ ਹੋ ਗਿਆ। ਆਫਤ ਪ੍ਰਬੰਧਨ ਅਧਿਕਾਰੀ ਨੇ ਦੱਸਿਆ ਕਿ ਫੌਜ ਦੀ ਟੀਮ ਪੈਦਲ ਗਸ਼ਤ ਕਰ ਰਹੀ ਸੀ ਜਦੋਂ ਪਹਾੜੀ ਤੋਂ ਜ਼ਮੀਨ ਖਿਸਕ ਗਈ। ਅਚਾਨਕ ਪਹਾੜੀ ਤੋਂ ਭਾਰੀ ਢਿੱਗਾਂ ਡਿੱਗਣ ਕਾਰਨ ਜਵਾਨ ਇਸ ਲਪੇਟ ਵਿਚ ਆ ਗਿਆ। ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਨੂੰ ਜ਼ਿਲ੍ਹਾ ਹਸਪਤਾਲ ਉੱਤਰਕਾਸ਼ੀ ਲਿਆਂਦਾ ਗਿਆ ਹੈ, ਜਿੱਥੇ ਲੋੜੀਂਦੀ ਕਾਰਵਾਈ ਕਰਕੇ ਸ਼ਹੀਦ ਦੀ ਦੇਹ ਨੂੰ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ।