ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਮੁੱਲਾਂਪੁਰ ਕਸਬੇ ਦੇ ਭੱਟੀਆਂ ਇਲਾਕੇ ਵਿੱਚ ਅੱਜ ਬਿਜਲੀ ਦਾ ਕਰੰਟ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਦੋਵੇਂ ਵਿਅਕਤੀ ਰਾਧਾ ਸੁਆਮੀ ਸਤਿਸੰਗ ਘਰ ਵਿੱਚ ਸੇਵਾਦਾਰ ਸਨ। ਦੱਸਿਆ ਜਾ ਰਿਹਾ ਹੈ ਕਿ ਅੱਜ ਦੋਵੇਂ ਸੇਵਾਦਾਰ ਡੇਰੇ ਵਿੱਚ ਬਣੇ ਸ਼ੈੱਡ ਦੀ ਸਫਾਈ ਕਰਨ ਜਾ ਰਹੇ ਸਨ। ਫਿਰ ਜਦੋਂ ਕੁਝ ਦੂਰੀ ਤੇ ਜ਼ਮੀਨ ਤੇ ਪਈ ਲੋਹੇ ਦੀ ਪੌੜੀ ਨੂੰ ਚੁੱਕਣਾ ਸ਼ੁਰੂ ਕੀਤਾ ਤਾਂ ਪੌੜੀ ਹਾਈ ਟੈਂਸ਼ਨ ਤਾਰਾਂ ਵਿਚ ਫਸ ਗਈ, ਜਿਸ ਕਾਰਨ ਦੋਵੇਂ ਵਿਅਕਤੀ ਝੁਲਸ ਗਏ, ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਸੇਵਾਦਾਰਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਕਰੰਟ ਲੱਗਦੇ ਹੀ ਤਾਰਾਂ ਵਿੱਚ ਧਮਾਕਾ ਹੋ ਗਿਆ ਅਤੇ ਦੋਵੇਂ ਸੇਵਾਦਾਰਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਧਮਾਕੇ ਦੀ ਆਵਾਜ਼ ਸੁਣ ਕੇ ਡੇਰੇ ਦੇ ਬਾਕੀ ਲੋਕ ਵੀ ਇਕੱਠੇ ਹੋ ਗਏ। ਲੋਕਾਂ ਨੇ ਦੇਖਿਆ ਕਿ ਦੋਵੇਂ ਸੇਵਾਦਾਰਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕਾਂ ਦੀ ਪਛਾਣ ਮਹਿੰਦਰ ਸਿੰਘ ਵਾਸੀ ਪ੍ਰਤਾਪ ਸਿੰਘ ਵਾਲਾ ਅਤੇ ਰਤਨ ਸਿੰਘ ਵਾਸੀ ਤਲਵੰਡੀ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਸੇਵਾਦਾਰ ਮਹਿੰਦਰ ਸਿੰਘ ਟੈਲੀਵਿਜ਼ਨ ਰਿਪੇਅਰ ਦਾ ਕੰਮ ਕਰਦਾ ਸੀ।
ਇਸ ਦੇ ਨਾਲ ਹੀ ਰਤਨ ਸਿੰਘ ਨਾਂ ਦਾ ਸੇਵਾਦਾਰ ਸ਼ੈੱਡ ਦੀ ਸਫ਼ਾਈ ਲਈ ਆਪਣੇ ਨਾਲ ਲੋਹੇ ਦੀ ਪੌੜੀ ਲੈ ਕੇ ਆ ਰਿਹਾ ਸੀ ਜਦੋਂ ਪੌੜੀ ਜ਼ਮੀਨ ਵਿਚ ਪਈ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ ਅਤੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਇਸ ਹਾਦਸੇ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਦਾਖਾ ਦੀ ਪੁਲੀਸ ਹਾਦਸੇ ਵਾਲੀ ਥਾਂ ਮੌਕੇ ਤੇ ਪੁੱਜੀ। ਪੁਲਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।