ਸਾਬਕਾ ਸਰਪੰਚ ਦੇ ਮੁੰਡੇ ਤੋਂ ਦੁਖੀ ਹੋ ਕੇ 2 ਬੱਚਿਆਂ ਦੀ ਮਾਂ ਨੇ, ਚੁੱਕਿਆ ਖੌਫਨਾਕ ਕਦਮ, ਪਰਿਵਾਰ ਨੇ ਮੰਗਿਆ ਇਨਸਾਫ

Punjab

ਇਹ ਖ਼ਬਰ ਪੰਜਾਬ ਦੇ ਤਰਨਤਾਰਨ ਭਿੱਖੀਵਿੰਡ, ਦੇ ਕਸਬਾ ਖਾਲੜਾ ਤੋਂ ਸਾਹਮਣੇ ਆਈ ਹੈ। ਇਥੇ ਇਕ ਵਿਆਹੁਤਾ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੇ ਪਤੀ ਅਤੇ ਉਸ ਦੇ ਮਾਪਿਆਂ ਨੇ ਸਥਾਨਕ ਸਾਬਕਾ ਸਰਪੰਚ ਦੇ ਪੁੱਤਰ ਉਤੇ ਜ਼ਬਰਦਸਤੀ ਉਸ ਨੂੰ ਮਾਰਨ ਦਾ ਦੋਸ਼ ਲਾਇਆ ਹੈ। ਮ੍ਰਤਕਾ ਦੀ ਪਹਿਚਾਣ ਪਲਵਿੰਦਰ ਕੌਰ ਪਤਨੀ ਹਰਬੰਸ ਸਿੰਘ ਭੋਲੂ ਵਜੋਂ ਹੋਈ ਹੈ, ਜਿਸ ਦੀ ਲਾਸ਼ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ।

ਇਸ ਮਾਮਲੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਪਲਵਿੰਦਰ ਕੌਰ ਦਾ ਵਿਆਹ ਕਰੀਬ 6 ਸਾਲ ਪਹਿਲਾਂ ਕਸਬਾ ਖਾਲੜਾ ਦੇ ਹਰਬੰਸ ਨਾਲ ਹੋਇਆ ਸੀ ਅਤੇ ਉਹ ਦੋ ਬੱਚਿਆਂ ਦੀ ਮਾਂ ਸੀ। ਉਹ ਕੱਲ੍ਹ ਆਪਣੇ ਘਰ ਦੇ ਅੰਦਰ ਮੌਜੂਦ ਸੀ। ਉਸ ਦਾ ਪਤੀ ਦੁਕਾਨ ਅੱਗੇ ਛਬੀਲ ਲਗਾ ਰਿਹਾ ਸੀ। ਹਰਬੰਸ ਸਿੰਘ ਅਨੁਸਾਰ ਜਦੋਂ ਉਹ ਦੁਕਾਨ ਤੋਂ ਘਰ ਗਿਆ ਤਾਂ ਉਸ ਦੀ ਪਤਨੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਉਸ ਦੀ ਪਤਨੀ ਦੀ ਲਾਸ਼ ਨੂੰ ਹੇਠਾਂ ਉਤਾਰਿਆ। ਉਨ੍ਹਾਂ ਨੇ ਡਾਕਟਰ ਨੂੰ ਬੁਲਾਇਆ ਪਰ ਉਸ ਸਮੇਂ ਤੱਕ ਉਹ ਦਮ ਤੋੜ ਚੁੱਕੀ ਸੀ।

ਹਰਬੰਸ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਦੇ ਸਾਬਕਾ ਸਰਪੰਚ ਦੇ ਲੜਕੇ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਪਤਨੀ ਨੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਦੋਸ਼ ਲਾਇਆ ਕਿ ਸਾਬਕਾ ਸਰਪੰਚ ਦਾ ਲੜਕਾ ਉਸ ਦੀ ਪਤਨੀ ਨੂੰ ਪਿਛਲੇ ਛੇ ਮਹੀਨਿਆਂ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਕੱਲ੍ਹ ਜਦੋਂ ਉਸ ਦੀ ਪਤਨੀ ਮੇਲਾ ਦੇਖਣ ਗਈ ਤਾਂ ਉਸ ਨੇ ਮੇਲਾ ਦੇਖਣ ਜਾਂਦੇ ਸਮੇਂ ਉਸ ਨਾਲ ਛੇੜਛਾੜ ਕੀਤੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਇਸ ਦੀ ਬੇਇੱਜ਼ਤੀ ਮਹਿਸੂਸ ਕਰ ਕੇ ਉਸ ਨੇ ਖੁਦਕੁਸ਼ੀ ਕਰ ਲਈ। ਹਰਬੰਸ ਸਿੰਘ ਨੇ ਪ੍ਰਸ਼ਾਸਨ ਤੋਂ ਸਾਬਕਾ ਸਰਪੰਚ ਦੇ ਲੜਕੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਪਿੰਡ ਜਵੰਦਾ ਕਲਾ ਦੇ ਮੋਹਤਬਰ ਗੁਰਦੇਵ ਸਿੰਘ ਅਤੇ ਮ੍ਰਿਤਕ ਔਰਤ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੋਸ਼ਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲੜਕੀ ਉਕਤ ਵਿਅਕਤੀਆਂ ਵੱਲੋਂ ਕੀਤੀ ਗਈ ਛੇੜਛਾੜ ਕਾਰਨ ਪ੍ਰੇਸ਼ਾਨ ਹੋ ਕੇ ਆਪਣੇ ਮਾਪਿਆਂ ਦੇ ਪਿੰਡ ਚਲੀ ਗਈ, ਜਿਸ ਨੂੰ ਉਨ੍ਹਾਂ ਨੇ ਸਮਝਾ ਕੇ ਵਾਪਸ ਭੇਜ ਦਿੱਤਾ। ਲੜਕੀ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਪਿੰਡ ਜਵੰਧਾ ਦੇ ਮੋਹਤਬਰ ਨੇ ਲੜਕੀ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਨੌਜਵਾਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸਬੰਧੀ ਥਾਣਾ ਖਾਲੜਾ ਦੇ ਐਸ.ਐਚ.ਓ. ਨਰਿੰਦਰ ਸਿੰਘ ਢੋਟੀ ਨੇ ਦੱਸਿਆ ਕਿ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਮ੍ਰਿਤਕਾ ਦੇ ਪਤੀ ਅਤੇ ਪਰਿਵਾਰ ਵੱਲੋਂ ਸਾਬਕਾ ਸਰਪੰਚ ਦੇ ਲੜਕੇ ‘ਤੇ ਲਗਾਏ ਗਏ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਮੋਬਾਈਲ ਫੋਨ ਦੀ ਕਾਲ ਡਿਟੇਲ ਅਤੇ ਜਾਂਚ ਪੜਤਾਲ ਤੋਂ ਬਾਅਦ ਜੋ ਸੱਚ ਸਾਹਮਣੇ ਆਵੇਗਾ, ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *