ਇਹ ਖ਼ਬਰ ਪੰਜਾਬ ਦੇ ਜਿਲ੍ਹਾ ਪਟਿਆਲਾ ਤੋਂ ਹੈ। ਇਥੇ ਥਾਣਾ ਕੋਤਵਾਲੀ ਅਧੀਨ ਪੈਂਦੀ ਐਸਬੀਆਈ ਬਰਾਂਚ ਸ਼ੇਰਾਂਵਾਲਾ ਗੇਟ ਤੋਂ ਚੋਰੀ ਹੋਏ 35 ਲੱਖ ਰੁਪਏ ਵਿੱਚੋਂ 33.50 ਲੱਖ ਰੁਪਏ ਪੁਲੀਸ ਨੇ ਬਰਾਮਦ ਕਰ ਲਏ ਹਨ। ਦੋਸ਼ੀਆਂ ਨੂੰ ਟਰੇਸ ਕਰਨ ਮਗਰੋਂ ਪਟਿਆਲਾ ਪੁਲੀਸ ਨੇ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਵਿੱਚ ਛਾਪਾ ਮਾਰਿਆ, ਜਿੱਥੋਂ 33.50 ਲੱਖ ਰੁਪਏ ਬਰਾਮਦ ਹੋਏ। ਐਸਐਸਪੀ ਦੀਪਕ ਪਾਰਿਕ ਨੇ ਦੱਸਿਆ ਕਿ 3 ਅਗਸਤ ਨੂੰ ਵਾਪਰੀ ਘਟਨਾ ਤੋਂ ਬਾਅਦ ਪੁਲੀਸ ਟੀਮ ਮਾਮਲੇ ਨੂੰ ਸੁਲਝਾਉਣ ਲਈ ਲਗਾਤਾਰ ਕੰਮ ਕਰ ਰਹੀ ਸੀ।
ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗਰੋਹ ਦੇ ਮੈਂਬਰਾਂ ਰਿਤੇਸ਼ ਅਤੇ ਰਾਜੇਸ਼ ਵਾਸੀ ਪਿੰਡ ਕਾੜਿਆ ਥਾਣਾ ਬਾੜਾ ਜ਼ਿਲ੍ਹਾ ਰਾਜਗੜ੍ਹ (ਮੱਧ ਪ੍ਰਦੇਸ਼) ਦੀ ਪਛਾਣ ਹੋ ਗਈ ਸੀ, ਜਿਸ ਤੋਂ ਬਾਅਦ ਦੋਸ਼ੀ ਰਾਜੇਸ਼ ਦੇ ਘਰ ਛਾਪਾ ਮਾਰ ਕੇ ਉਕਤ ਬਰਾਮਦਗੀ ਕੀਤੀ ਗਈ ਹੈ। ਦੋਵੇਂ ਦੋਸ਼ੀ ਘਰੋਂ ਫਰਾਰ ਪਾਏ ਗਏ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਤੋਂ ਇਲਾਵਾ ਤੀਜਾ ਦੋਸ਼ੀ ਕੈਸ਼ ਬੈਗ ਚੋਰੀ ਕਰਨ ਵਾਲਾ ਬੱਚਾ ਹੈ, ਜਿਸ ਦੀ ਪਛਾਣ ਕਰ ਲਈ ਗਈ ਹੈ।
ਐਸਐਸਪੀ ਨੇ ਦੱਸਿਆ ਕਿ ਐਸਪੀ ਡੀ ਹਰਬੀਰ ਸਿੰਘ ਅਟਵਾਲ, ਐਸਪੀ ਸਿਟੀ ਵਜ਼ੀਰ ਸਿੰਘ ਅਤੇ ਡੀਐਸਪੀ ਸੁੱਖ ਅੰਮ੍ਰਿਤ ਸਿੰਘ ਰੰਧਾਵਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਪਟਿਆਲਾ ਦੀ ਟੀਮ ਨੇ ਇਸ ਅੰਤਰਰਾਜੀ ਗਰੋਹ ਨੂੰ ਟਰੇਸ ਕਰਦਿਆਂ ਦੋਸ਼ੀ ਰਾਜੇਸ਼ ਦੇ ਘਰ ਤੋਂ ਨਕਦੀ ਵਾਲਾ ਬੈਗ ਬਰਾਮਦ ਕੀਤਾ ਹੈ। ਬੈਗ ਵਿੱਚ ਬੈਂਕ ਵਾਊਚਰ ਤੋਂ ਇਲਾਵਾ ਹੋਰ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਐਸਐਸਪੀ ਨੇ ਦੱਸਿਆ ਕਿ ਐਸਬੀਆਈ ਮੁਲਾਜ਼ਮਾਂ ਨੇ ਏਟੀਐਮ ਵਿੱਚ ਨਕਦੀ ਪਾਉਣ ਲਈ 35 ਲੱਖ ਰੁਪਏ ਦੀ ਰਕਮ ਕਢਵਾਉਣ ਤੋਂ ਬਾਅਦ ਬੈਗ ਭਰ ਕੇ ਬਰਾਂਚ ਵਿੱਚ ਰੱਖ ਦਿੱਤਾ। ਜਿੱਥੋਂ ਇਨ੍ਹਾਂ ਮੁਲਜ਼ਮਾਂ ਨੇ ਬੈਗ ਚੋਰੀ ਕੀਤਾ ਸੀ।
ਐਸਐਸਪੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਰਾਜਗੜ੍ਹ ਜ਼ਿਲ੍ਹੇ (ਮੱਧ ਪ੍ਰਦੇਸ਼) ਵਿੱਚ ਰਹਿ ਕੇ ਅੰਤਰਰਾਜੀ ਅਪਰਾਧ ਕਰਨ ਵਾਲੇ ਕਾੜਿਆ ਗੈਂਗ ਦੀਆਂ ਗਤੀਵਿਧੀਆਂ ਪਟਿਆਲਾ ਵਿੱਚ ਚੱਲ ਰਹੀਆਂ ਸਨ। ਸ਼ਹਿਰ ਇਹ ਲੋਕ ਵਿਆਹ ਸਮਾਗਮ ਦੌਰਾਨ ਲੜਕੇ ਜਾਂ ਲੜਕੀ ਦੇ ਮਾਪਿਆਂ ਤੋਂ ਪੈਸਿਆਂ ਅਤੇ ਗਹਿਣਿਆਂ ਨਾਲ ਭਰਿਆ ਬੈਗ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜਿਸ ਵਿੱਚ ਬੱਚਾ ਸਭ ਤੋਂ ਅੱਗੇ ਰਹਿੰਦਾ ਸੀ। ਮਿਰਜ਼ਾਪੁਰ ਯੂ.ਪੀ., ਜੀਂਦ ਅਤੇ ਭਿਵਾਨੀ (ਹਰਿਆਣਾ) ਦੇ ਇਲਾਕਿਆਂ ‘ਚ ਗਿਰੋਹ ਦੇ ਮੈਂਬਰ ਪਹਿਲਾਂ ਵੀ ਅਜਿਹੀਆਂ ਚੋਰੀਆਂ ਕਰ ਚੁੱਕੇ ਹਨ।
ਕਾੜਿਆ ਗੈਂਗ ਦੇ ਨਾਂ ਨਾਲ ਮਸ਼ਹੂਰ ਇਸ ਗਰੋਹ ਦੇ ਮੈਂਬਰ ਚੋਰੀ ਦੇ ਪੈਸੇ ਅਤੇ ਗਹਿਣੇ ਆਪਸ ਵਿੱਚ ਵੰਡਦੇ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗਿਰੋਹ ਦਾ ਇਕ ਮੈਂਬਰ ਚੋਰੀ ਦੀ ਰਕਮ ਪਿੰਡ ਲੈ ਜਾਂਦਾ ਸੀ, ਸਾਰੇ ਵੱਖ-ਵੱਖ ਹੋ ਜਾਂਦੇ ਸਨ। ਇਹ ਦੋਸ਼ੀ ਕੋਈ ਵੱਡੀ ਵਾਰਦਾਤ ਕਰਨ ਤੋਂ ਬਾਅਦ ਗਹਿਣੇ ਅਤੇ ਪੈਸੇ ਤੁਰੰਤ ਵੰਡਣ ਤੋਂ ਬਾਅਦ ਕੁਝ ਸਮੇਂ ਲਈ ਵੱਖ ਹੋ ਜਾਂਦੇ ਸਨ ਤਾਂ ਜੋ ਉਨ੍ਹਾਂ ਦਾ ਸੁਰਾਗ ਨਾ ਲੱਗ ਸਕੇ। ਸ਼ੇਰਾਂਵਾਲਾ ਗੇਟ ਬਰਾਂਚ ਦੀ ਘਟਨਾ ਤੋਂ ਬਾਅਦ ਵੀ ਅਜਿਹਾ ਹੀ ਹੋਇਆ ਹੈ।