ਪੰਜਾਬ ਦੇ ਜਿਲ੍ਹਾ ਪਟਿਆਲਾ ਵਿੱਚ ਚੋਣ ਰੰਜਿਸ਼ ਵਿੱਚ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਪਾਤੜਾਂ ਥਾਣੇ ਦੇ ਪਿੰਡ ਬਹਿਰ ਜੱਛ ਦੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਜੋਨੀ ਰਾਮ ਵਾਸੀ ਪਿੰਡ ਬਹਿਰ ਜੱਛ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਸੋਮਵਾਰ ਸ਼ਾਮ ਕਰੀਬ 4.30 ਵਜੇ ਆਪਣੇ ਭਰਾ ਰਾਂਝਾ ਰਾਮ ਉਮਰ 40 ਸਾਲ ਨਾਲ ਘਰ ਦੇ ਵਿਹੜੇ ਵਿੱਚ ਮੌਜੂਦ ਸੀ। ਘਰ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਵਿਹੜੇ ਵਿੱਚ ਪਾਈਪ ਵਿਛਾਈ ਜਾ ਰਹੀ ਸੀ।
ਘਰ ਦੇ ਬਾਹਰ ਗਲੀ ਵਿੱਚ ਸੀਮਿੰਟ ਅਤੇ ਰੇਤਾ ਰੱਖਿਆ ਹੋਇਆ ਸੀ। ਇਸ ਦੌਰਾਨ ਜਦੋਂ ਭਰਾ ਰਾਂਝਾ ਰਾਮ ਬਾਹਰੋਂ ਸੀਮਿੰਟ ਲਿਆਉਣ ਗਿਆ ਤਾਂ ਰਿੰਕੂ ਰਾਮ, ਗੁਰਜੀਤ ਰਾਮ, ਗੁਰਜੀਤ ਰਾਮ ਦੇ ਪਿਤਾ ਡੋਗਰ ਰਾਮ, ਸੰਜੀਵ ਕੁਮਾਰ, ਰਵੀ ਰਾਮ, ਰਾਜਕੁਮਾਰ ਅਤੇ ਹਰੀਸ਼ ਕੁਮਾਰ ਨੇ ਰਾਂਝਾ ਰਾਮ ਨੂੰ ਫੜ ਲਿਆ। ਰੌਲਾ ਸੁਣ ਕੇ ਉਹ ਬਾਹਰ ਆਇਆ ਤਾਂ ਦੇਖਿਆ ਕਿ ਮੁਲਜ਼ਮ ਰਿੰਕੂ ਰਾਮ ਨੇ ਉਸ ਦੇ ਭਰਾ ਰਾਂਝਾ ਰਾਮ ਤੇ ਕਿਰਚ ਨਾਲ ਵਾਰ ਕਰਿਆ ਜਿਸ ਨਾਲ ਉਸ ਦੇ ਗੁੱਟ ਤੇ ਸੱਟ ਲੱਗੀ। ਇਸ ਦੌਰਾਨ ਮੁਲਜ਼ਮ ਰਵੀ ਰਾਮ ਨੇ ਰਾਂਝਾ ਰਾਮ ਦੀ ਛਾਤੀ ਤੇ ਕਿਰਚ ਮਾਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਗੁਰਜੀਤ ਰਾਮ ਨੇ ਰਾਂਝਾ ਰਾਮ ਦੇ ਦਿਲ ’ਤੇ ਕਿਰਚ ਮਾਰ ਦਿੱਤਾ।
ਜਿਵੇਂ ਹੀ ਜੋਨੀ ਰਾਮ ਆਪਣੇ ਭਰਾ ਨੂੰ ਛੁਡਾਉਣ ਗਿਆ ਤਾਂ ਦੋਸ਼ੀ ਹਰੀਸ਼ ਕੁਮਾਰ ਨੇ ਉਸ ‘ਤੇ ਵੀ ਆਪਣੇ ਕਿਰਚ ਨਾਲ ਹਮਲਾ ਕਰ ਦਿੱਤਾ, ਜੋ ਉਸ ਦੀ ਬਾਂਹ ਤੇ ਲੱਗਣ ਤੋਂ ਬਾਅਦ ਗੁਰਜੀਤ ਰਾਮ ਦੇ ਲੱਗ ਗਈ, ਰੌਲਾ ਪਾਉਣ ‘ਤੇ ਸਾਰੇ ਦੋਸ਼ੀ ਭੱਜ ਗਏ। ਬਾਅਦ ਵਿੱਚ ਜਦੋਂ ਜੋਨੀ ਰਾਮ ਆਪਣੇ ਗੰਭੀਰ ਜ਼ਖ਼ਮੀ ਭਰਾ ਰਾਂਝਾ ਰਾਮ ਨਾਲ ਹਸਪਤਾਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਜੋਨੀ ਰਾਮ ਨੇ ਦੋਸ਼ ਲਾਇਆ ਕਿ ਦੋਸ਼ੀਆਂ ਨੇ ਚੋਣ ਰੰਜਿਸ਼ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਜੋਨੀ ਅਤੇ ਰਾਂਝਾ ਰਾਮ ਦੀ ਮਾਂ ਨੇ ਦੋਸ਼ੀ ਸੰਜੀਵ ਕੁਮਾਰ ਦੀ ਪਤਨੀ ਖ਼ਿਲਾਫ਼ ਸਰਪੰਚ ਦੀ ਚੋਣ ਲੜੀ ਸੀ।
ਦੂਜੇ ਪਾਸੇ ਥਾਣਾ ਪਾਤੜਾਂ ਦੇ ਇੰਚਾਰਜ ਪ੍ਰਕਾਸ਼ ਮਸੀਹ ਅਨੁਸਾਰ ਉਕਤ ਸੱਤਾਂ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪਰ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਛਾਪੇਮਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਦੋਸ਼ੀ ਗੁਰਜੀਤ ਰਾਮ ਵੀ ਜਖਮੀ ਹੋਇਆ ਹੈ ਜੋ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਹੈ।