ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸਮਰਾਲਾ ਦੇ ਭੜਥਲਾ ਰੋਡ ਤੇ ਬੰਦ ਪਏ ਟਰੀਟਮੈਂਟ ਪਲਾਂਟ ‘ਚੋਂ ਦੇਰ ਰਾਤ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਇਹ ਨੌਜਵਾਨ ਪਿਛਲੇ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ। ਪੁਲਿਸ ਨੂੰ ਉਕਤ ਨੌਜਵਾਨ ਦਾ ਬਾਈਕ ਉਕਤ ਇਲਾਕੇ ਦੀ ਇਕ ਔਰਤ ਦੇ ਘਰ ਖੜ੍ਹਾ ਮਿਲਿਆ, ਜਿਸ ਤੋਂ ਬਾਅਦ ਜਦੋਂ ਔਰਤ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹ ਪੁਲਿਸ ਨੂੰ ਟਰੀਟਮੈਂਟ ਪਲਾਂਟ ਲੈ ਗਈ, ਜਿੱਥੇ ਉਕਤ ਨੌਜਵਾਨ 40 ਫੁੱਟ ਡੂੰਘੇ ਖੂਹ ‘ਚ ਪਿਆ ਮਿਲਿਆ।
ਮਰਨ ਵਾਲੇ ਨੌਜਵਾਨ ਦੀ ਪਛਾਣ ਜਸਕਰਨ ਸਿੰਘ ਉਮਰ 23 ਸਾਲ ਵਾਸੀ ਪਿੰਡ ਉਟਾਲਾਂ ਵਜੋਂ ਹੋਈ ਹੈ। ਜਸਕਰਨ ਸਿੰਘ ਦੀ ਮਾਂ ਸੋਨੀਆ ਨੇ ਦੋਸ਼ ਲਾਇਆ ਹੈ ਕਿ ਇਲਾਕੇ ਵਿੱਚ ਇੱਕ ਸਟੂਡੀਓ ਆਪਰੇਟਰ ਹੈ। ਉਸ ਨੇ ਕੁਝ ਦਿਨ ਪਹਿਲਾਂ ਉਸ ਦੇ ਲੜਕੇ ‘ਤੇ ਆਪਣੀ ਲੜਕੀ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਸੀ, ਜਦਕਿ ਉਸ ਦੇ ਲੜਕੇ ਨੇ ਲੜਕੀ ਨਾਲ ਛੇੜਛਾੜ ਨਹੀਂ ਕੀਤੀ ਸੀ। ਉਨ੍ਹਾਂ ਨੇ ਜਸਕਰਨ ਖਿਲਾਫ ਥਾਣੇ ‘ਚ ਸ਼ਿਕਾਇਤ ਵੀ ਦਿੱਤੀ ਸੀ ਸੋਨੀਆ ਨੇ ਕਿਹਾ ਕਿ ਉਸ ਨੇ ਇਸ ਮਾਮਲੇ ‘ਤੇ ਧਿਆਨ ਨਹੀਂ ਦਿੱਤਾ। ਮੁਲਜ਼ਮ ਉਸ ਦਿਨ ਵੀ ਕਹਿ ਰਹੇ ਸਨ ਕਿ ਉਹ ਜਸਕਰਨ ਨੂੰ ਮਾਰ ਦੇਣਗੇ।
ਸੋਨੀਆ ਮੁਤਾਬਕ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਜਸਕਰਨ ਸਿੰਘ 2 ਦਿਨਾਂ ਤੋਂ ਲਾਪਤਾ ਸੀ। ਉਸ ਨੇ ਕਈ ਰਿਸ਼ਤੇਦਾਰੀਆ ਵਿਚ ਵੀ ਦੇਖਿਆ ਸੀ, ਪਰ ਉਸ ਨੂੰ ਉਹ ਕਿਤੇ ਵੀ ਨਹੀਂ ਮਿਲਿਆ। ਇੱਕ ਨੌਜਵਾਨ ਉਸ ਦੇ ਲੜਕੇ ਦਾ ਮੋਬਾਈਲ ਲੈ ਕੇ ਆਇਆ ਸੀ।ਨੌਜਵਾਨ ਨੇ ਦੱਸਿਆ ਕਿ ਜਸਕਰਨ ਨੇ ਮੋਬਾਈਲ ਰੱਖਣ ਲਈ ਦਿੱਤਾ ਸੀ। ਕੁਝ ਦੇਰ ਬਾਅਦ ਘਰ ਦੇ ਫ਼ੋਨ ‘ਤੇ ਜਸਕਰਨ ਦਾ ਫ਼ੋਨ ਆਇਆ ਕਿ ਕੁਝ ਲੋਕਾਂ ਨੇ ਉਸ ਦੀ ਕੁੱਟਮਾਰ ਕਰਕੇ ਉਸ ਦਾ ਫ਼ੋਨ ਖੋਹ ਲਿਆ ਹੈ। ਸੋਨੀਆ ਨੇ ਦੱਸਿਆ ਕਿ ਉਸ ਨੇ ਖੁਦ ਹੀ ਇਲਾਕੇ ‘ਚ ਬੇਟੇ ਦੀ ਭਾਲ ਸ਼ੁਰੂ ਕੀਤੀ ਤਾਂ ਇਕ ਨੌਜਵਾਨ ਨੇ ਦੱਸਿਆ ਕਿ ਉਸ ਦਾ ਲੜਕਾ, ਬੰਦ ਪਏ ਟਰੀਟਮੈਂਟ ਪਲਾਂਟ ਦੇ ਕੋਲ ਰਹਿਣ ਵਾਲੀ ਪੂਜਾ ਨਾਂ ਦੀ ਔਰਤ ਕੋਲ ਗਿਆ ਸੀ।
ਮਹਿਲਾ ਜਦੋਂ ਪੁਲਿਸ ਲੈ ਕੇ ਉਥੇ ਪਹੁੰਚੀ ਤਾਂ ਜਸਕਰਨ ਦਾ ਮੋਟਰਸਾਈਕਲ ਉਥੇ ਖੜ੍ਹਾ ਮਿਲਿਆ। ਜਦੋਂ ਔਰਤ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹ ਉਸ ਨੂੰ ਬੰਦ ਪਏ ਟਰੀਟਮੈਂਟ ਪਲਾਂਟ ਵਿੱਚ ਲੈ ਗਈ ਅਤੇ ਉਸ ਨੇ ਦੱਸਿਆ ਕਿ ਜਸਕਰਨ ਹਨੇਰਾ ਹੋਣ ਕਾਰਨ ਇਸ ਖੂਹ ਵਿੱਚ ਡਿੱਗ ਪਿਆ। ਉਹ ਇਕੱਲੀ ਸੀ ਅਤੇ ਉਸ ਨੂੰ ਬਚਾ ਨਹੀਂ ਸਕੀ। ਮੌਕੇ ਉਤੇ ਪਹੁੰਚੀ ਸਮਰਾਲਾ ਪੁਲਸ ਦੇ ਵਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਨਸੇੜੀਆਂ ਦਾ ਅੱਡਾ ਹੈ ਬੰਦ ਪਿਆ ਟਰੀਟਮੈਂਟ
ਇਲਾਕੇ ਦੇ ਲੋਕ ਦੱਸਦੇ ਹਨ ਕਿ ਜਿਸ ਟਰੀਟਮੈਂਟ ਪਲਾਂਟ ਵਿਚੋਂ ਲਾਸ਼ ਮਿਲੀ ਹੈ, ਉਹ ਨਸੇੜੀਆਂ ਦਾ ਅੱਡਾ ਹੈ। ਜਸਕਰਨ ਦੀ ਮਾਂ ਸੋਨੀਆ ਨੇ ਵੀ ਦੋਸ਼ ਲਾਇਆ ਹੈ ਕਿ ਉਸ ਦੇ ਪੁੱਤਰ ਨੂੰ ਇਸ ਟਰੀਟਮੈਂਟ ਪਲਾਂਟ ਵਿੱਚ ਨਸ਼ਾ ਕਰਵਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਬਸਪਾ ਪਾਰਟੀ ਦੇ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਜਸਕਰਨ ਦੀ ਮਾਤਾ ਦਾ ਫੋਨ ਆਇਆ ਸੀ ਕਿ ਉਸ ਦਾ ਲੜਕਾ ਲਾਪਤਾ ਹੈ।
ਉਨ੍ਹਾਂ ਨੂੰ ਪਤਾ ਲੱਗਾ ਕਿ ਮ੍ਰਿਤਕ ਨੌਜਵਾਨ ਪੂਜਾ ਨਾਂ ਦੀ ਔਰਤ ਦੇ ਘਰ ਗਿਆ ਹੋਇਆ ਸੀ। ਜਦੋਂ ਪੂਜਾ ਦੇ ਘਰ ਗਏ ਤਾਂ ਪੂਜਾ ਨੇ ਦੱਸਿਆ ਕਿ ਬਾਈਪਾਸ ਨੇੜੇ ਟਰੀਟਮੈਂਟ ਪਲਾਂਟ ਬੰਦ ਪਿਆ ਹੈ ਉਸ ਵਿੱਚ ਮੇਰਾ ਮੋਬਾਈਲ ਡਿੱਗ ਪਿਆ ਸੀ। ਉਥੇ ਪਹਿਲਾਂ ਤੋਂ ਹੀ ਖੜ੍ਹਾ ਜਸਕਰਨ ਮੇਰਾ ਮੋਬਾਈਲ ਲੱਭਣ ਲੱਗਾ। ਮੋਬਾਈਲ ਲੱਭਣ ਦੀ ਕੋਸ਼ਿਸ਼ ਕਰਦਿਆਂ ਉਹ ਵੀ ਡਿੱਗ ਪਿਆ। ਨੇੜੇ ਖੜ੍ਹੇ ਸਭ ਲੜਕੇ ਭੱਜ ਗਏ ਤਾਂ ਮੈਂ ਇਕੱਲਾ ਕੀ ਕਰਦੀ।
ਲਖਵੀਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਜਸਕਰਨ ਦਾ ਮੋਟਰ ਸਾਈਕਲ ਪੂਜਾ ਦੇ ਘਰ ਖੜ੍ਹਾ ਕਿਵੇਂ ਮਿਲਿਆ ਜਾਂ ਫਿਰ ਪੂਜਾ ਨੇ ਇਸ ਨੌਜਵਾਨ ਦੇ ਡਿੱਗਣ ਬਾਰੇ ਪੁਲਿਸ ਜਾਂ ਕਿਸੇ ਹੋਰ ਨੂੰ ਕਿਉਂ ਨਹੀਂ ਦੱਸਿਆ। ਇਹ ਜਾਂਚ ਦਾ ਵਿਸ਼ਾ ਹੈ। ਇਸ ਬੰਦ ਪਈ ਇਮਾਰਤ ਵਿੱਚ ਕੋਈ ਖਿੜਕੀ ਜਾਂ ਦਰਵਾਜ਼ਾ ਨਹੀਂ ਹੈ। ਇੱਥੇ ਨਸ਼ੇ ਦਾ ਅੱਡਾ ਬਣ ਗਿਆ ਹੈ ਪਰ ਕੋਈ ਵੀ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਮਾਮਲਾ ਸ਼ੱਕੀ ਜਾਪਦਾ ਹੈ।