ਪੰਜਾਬ ਵਿਚ ਜਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਮਿਆਣੀ ਰੋਡ ਉਤੇ ਸੋਮਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਥੇ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਸਕੂਲ ਜਾ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਜਦਕਿ ਇਕ ਗੰਭੀਰ ਰੂਪ ਵਿਚ ਜ਼ਖਮੀ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚਾਰੇ ਵਿਦਿਆਰਥੀ ਆਪਣੇ ਮੋਟਰਸਾਈਕਲ ਉਤੇ ਸਕੂਲ ਨੂੰ ਜਾ ਰਹੇ ਸਨ। ਇਸ ਦੌਰਾਨ ਇੱਕ ਟਰੱਕ ਡਰਾਈਵਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਪੁਲਸ ਨੇ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਸੁਭਾਸ਼ ਪੁੱਤਰ ਰਣਜੀਤ ਦਾਸ, ਨਵਦੀਪ ਸਿੰਘ ਅਤੇ ਪ੍ਰਭਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਵਿਚ ਜ਼ਖ਼ਮੀ ਵਿਦਿਆਰਥੀ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਮਨੋਜ ਕੁਮਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਨੇ ਪਹਿਲਾਂ ਇੱਕ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਸੀ। ਹਾਲਾਂਕਿ ਸਕੂਟਰੀ ਸਵਾਰ ਵਾਲ-ਵਾਲ ਬਚ ਗਈ। ਇਸ ਤੋਂ ਬਾਅਦ ਟਰੱਕ ਨੇ ਮੋਟਰਸਾਈਕਲ ਸਵਾਰਾਂ ਵਿਦਿਆਰਥੀਆਂ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿਚ ਸੁਭਾਸ਼ ਅਤੇ ਨਵਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪ੍ਰਭਦੀਪ ਸਿੰਘ ਅਤੇ ਰੋਹਿਤ ਕੁਮਾਰ ਜ਼ਖਮੀ ਹੋ ਗਏ। ਦੋਵਾਂ ਨੂੰ ਪਹਿਲਾਂ ਦਸੂਹਾ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪ੍ਰੰਤੂ ਬਾਅਦ ਵਿਚ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਜ਼ਖਮੀ ਪ੍ਰਭਦੀਪ ਸਿੰਘ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਪ੍ਰਭਦੀਪ ਸਿੰਘ ਅਤੇ ਨਵਦੀਪ ਸਿੰਘ ਦੋਵੇਂ ਸਕੇ ਭਰਾ ਸਨ। ਇਸ ਘਟਨਾ ਦੀ ਸੂਚਨਾ ਮਿਲਣ ਤੇ ਦਸੂਹਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ। ਟਰੱਕ ਡਰਾਈਵਰ ਸ਼ਰਾਬ ਦੇ ਨਸ਼ੇ ਵਿਚ ਸੀ। ਫਿਲਹਾਲ ਪੁਲਿਸ ਨੇ ਅਗਲੇਰੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।