ਰਿਸ਼ਤੇਦਾਰੀ ਵਿਚ ਜਾ ਰਹੇ ਪਰਿਵਾਰ ਨਾਲ ਦਰਦਨਾਕ ਹਾਦਸਾ, ਮਾਂ ਅਤੇ ਧੀ ਸਮੇਤ ਤਿੰਨ ਦੀ ਚਲੀ ਗਈ ਜਾਨ, ਜਾਂਂਚ ਜਾਰੀ

Punjab

ਇਹ ਦੁਖਦਾਈ ਖ਼ਬਰ ਪੰਜਾਬ ਦੇ ਮਾਹਿਲਪੁਰ ਤੋਂ ਸਾਹਮਣੇ ਆਈ ਹੈ। ਇਥੇ ਐਤਵਾਰ ਸਵੇਰੇ ਕਰੀਬ 11.30 ਵਜੇ ਮਾਹਿਲਪੁਰ ਗੜ੍ਹਸ਼ੰਕਰ ਰੋਡ ‘ਤੇ ਪਿੰਡ ਰਣਿਆਲਾ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਮਾਂ-ਧੀ ਅਤੇ ਕਾਰ ਡਰਾਈਵਰ ਦੀ ਮੌਤ ਹੋ ਗਈ ਹੈ। ਜਦਕਿ ਇਕ ਪੰਜ ਸਾਲਾ ਮਾਸੂਮ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਕੈਂਟਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ ਉਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਜਗਜੀਤ ਕੌਰ ਪਤਨੀ ਅਮਨਦੀਪ ਸਿੰਘ ਵਾਸੀ ਦਸੂਹਾ ਆਪਣੀ 5 ਸਾਲਾ ਬੇਟੀ ਕਰਨਜੋਤ ਦੇ ਨਾਲ ਆਪਣੀ ਮਾਤਾ ਗੁਰਦੀਪ ਕੌਰ ਪਤਨੀ ਹਰਨੋਨਿਹਾਲ ਸਿੰਘ ਵਾਸੀ ਚੱਕ ਆਨੰਦਪੁਰ ਸਾਹਿਬ ਨੂੰ ਆਪਣੀ ਕਾਰ ਵਿੱਚ ਦਸੂਹਾ ਤੋਂ ਉਸ ਦੇ ਘਰ ਛੱਡਣ ਜਾ ਰਹੇ ਸਨ। ਜਦੋਂ ਉਹ ਪਿੰਡ ਰਾਣੀਆਲਾ ਦੇ ਬਾਹਰ ਵਾਰ ਪਹੁੰਚੇ ਤਾਂ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਹੋਏ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਇੱਕ ਕੈਂਟਰ ਨਾਲ ਜਾ ਟਕਰਾਈ। ਵਾਹਨਾਂ ਦੀ ਟੱਕਰ ਤੋਂ ਬਾਅਦ ਇੰਨਾ ਜ਼ੋਰਦਾਰ ਧਮਾਕਾ ਹੋਇਆ ਕਿ ਆਵਾਜ਼ ਸੁਣ ਕੇ ਉੱਥੋਂ ਲੰਘਣ ਵਾਲੇ ਲੋਕ ਦੰਗ ਰਹਿ ਗਏ। ਹਾਦਸੇ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ।

ਕਾਰ ਡਰਾਈਵਰ ਵਿੱਕੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਗੁਰਦੀਪ ਕੌਰ ਅਤੇ ਜਗਜੀਤ ਕੌਰ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਮਾਂ-ਧੀ ਦੀ ਵੀ ਮੌਤ ਹੋ ਚੁੱਕੀ ਸੀ। ਕੈਂਟਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਜ਼ਖ਼ਮੀ ਲੜਕੀ ਕਰਨਜੋਤ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਉਸ ਨੂੰ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਥਾਣਾ ਸਦਰ ਦੇ ਇੰਚਾਰਜ ਜਸਵੰਤ ਸਿੰਘ ਅਤੇ ਸੈਲਾ ਚੌਕੀ ਦੇ ਇੰਚਾਰਜ ਸਤਨਾਮ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਵਾਹਨ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *