ਪੰਜਾਬ ਵਿਚ ਜਿਲ੍ਹਾ ਜਲੰਧਰ, ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਪਰਲ ਆਈਜ਼ ਐਂਡ ਮੈਟਰਨਿਟੀ ਹੋਮ ਦੇ ਨਰਸਿੰਗ ਹੋਸਟਲ ਵਿੱਚ ਅਣਪਛਾਤੇ ਹਮਲਾਵਰਾਂ ਨੇ ਦੋ ਨਰਸਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਇਕ ਨਰਸ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦਕਿ ਦੂਜੀ ਨਰਸ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜ਼ਖ਼ਮੀ ਨਰਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਨਰਸ ਦੀ ਹਾਲਤ ਚਿੰਤਾਜਨਕ ਦੱਸੀ ਹੈ।
ਜਲੰਧਰ ਦੇ ਸੰਘਾ ਵਿਚ ਹੋਈ ਇਹ ਵਾਰਦਾਤ ਬੁੱਧਵਾਰ ਦੇਰ ਰਾਤ 2 ਵਜੇ ਦੇ ਆਸ-ਪਾਸ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਨਰਸ ਦੀ ਪਛਾਣ ਬਲਜਿੰਦਰ ਕੌਰ ਵਾਸੀ ਕਸਬਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਨਰਸ ਦਾ ਨਾਮ ਜੋਤੀ ਵਾਸੀ ਫਗਵਾੜਾ ਹੈ। ਦੇਰ ਰਾਤ ਹੋਸਟਲ ਦੀ ਛੱਤ ਤੇ ਦੋਵਾਂ ਉਤੇ ਹਮਲਾ ਕੀਤਾ ਗਿਆ। ਕਤਲ ਦੀ ਸੂਚਨਾ ਮਿਲਦੇ ਹੀ ਹਸਪਤਾਲ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਟਾਫ ਤੁਰੰਤ ਹੋਸਟਲ ਦੀ ਛੱਤ ਵੱਲ ਭੱਜਿਆ ਅਤੇ ਬਲਜਿੰਦਰ ਅਤੇ ਜੋਤੀ ਨੂੰ ਖੂਨ ਨਾਲ ਲੱਥਪੱਥ ਪਿਆ ਦੇਖਿਆ। ਸਟਾਫ਼ ਨੇ ਜਦੋਂ ਜਾਂਚ ਕੀਤੀ ਤਾਂ ਬਲਵਿੰਦਰ ਦੀ ਮੌਤ ਹੋ ਚੁੱਕੀ ਸੀ, ਜਦਕਿ ਜੋਤੀ ਬੇਹੋਸ਼ ਸੀ। ਉਸ ਦੇ ਸਾਹ ਚੱਲ ਰਹੇ ਸੀ।
ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸਟਾਫ਼ ਨੇ ਤੁਰੰਤ ਜੋਤੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਲਿੰਕ ਰੋਡ ‘ਤੇ ਸਥਿਤ ਇੱਕ ਹੋਰ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ। ਜੋਤੀ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੇ ਕਈ ਜ਼ਖਮ ਹਨ ਅਤੇ ਖੂਨ ਵੀ ਕਾਫੀ ਵਹਿ ਗਿਆ ਹੈ। ਹਸਪਤਾਲ ਵਿੱਚ ਜੋਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਪੁਲਿਸ ਨੂੰ ਮੌਕੇ ਤੋਂ ਤੇਜ਼ਧਾਰ ਹਥਿਆਰ ਦਾ ਟੁੱਟਿਆ ਹੋਇਆ ਟੁਕੜਾ ਮਿਲਿਆ ਹੈ।
ਪੁਲਿਸ ਨੇ ਹਸਪਤਾਲ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਾਤਲ ਹਸਪਤਾਲ ਦੇ ਰਸਤੇ ਨਰਸਿੰਗ ਹੋਸਟਲ ਨਹੀਂ ਗਏ, ਸਗੋਂ ਛੱਤ ਰਾਹੀਂ ਨਰਸਾਂ ਤੱਕ ਪਹੁੰਚੇ। ਕਤਲ ਕਰਨ ਤੋਂ ਬਾਅਦ ਵੀ ਉਹ ਉਸੇ ਰਸਤੇ ਵਾਪਸ ਚਲੇ ਗਏ। ਹਸਪਤਾਲ ਵਿੱਚ ਕੰਮ ਕਰ ਰਹੀ ਨਰਸ ਨੇ ਦੱਸਿਆ ਕਿ ਬੀਤੇ ਦਿਨ ਜੋਤੀ ਦੀ ਤਬੀਅਤ ਠੀਕ ਨਹੀਂ ਸੀ, ਇਸ ਲਈ ਉਹ ਕੰਮ ਲਈ ਹਸਪਤਾਲ ਨਹੀਂ ਆਈ। ਬੀਤੀ ਰਾਤ ਕਰੀਬ 2 ਵਜੇ ਜਦੋਂ ਇਕ ਹੋਰ ਨਰਸ ਉਪਰੋਂ ਗਈ ਤਾਂ ਉਸ ਨੇ ਜੋ ਦੇਖਿਆ, ਉਸ ਦੇ ਹੋਸ਼ ਉੱਡ ਗਏ। ਜੋਤੀ ਅਤੇ ਬਲਵਿੰਦਰ ਦੋਵੇਂ ਖੂਨ ਨਾਲ ਲੱਥਪੱਥ ਪਈਆਂ ਸਨ। ਹਸਪਤਾਲ ਦੇ ਸਟਾਫ਼ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।