ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਮਸ਼ਹੂਰ ਪੰਜਾਬੀ ਗਾਇਕ ਨਿਰਵੈਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ ਵਾਰਡ ਨੰਬਰ-7 ਮਾਸਟਰ ਕਲੋਨੀ, ਕੁਰਾਲੀ, ਚੰਡੀਗੜ੍ਹ ਦਾ ਵਸਨੀਕ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। 31 ਅਗਸਤ ਨੂੰ ਆਸਟ੍ਰੇਲੀਆ ਵਿਚ ਹੋਏ ਇਕ ਸੜਕ ਹਾਦਸੇ ਨੇ ਉਨ੍ਹਾਂ ਦੀ ਜਾਨ ਲੈ ਲਈ।
ਪੁਲਿਸ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇੱਕ ਔਰਤ ਸਮੇਤ ਦੋ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਨਿਰਵੈਰ ਸਿੰਘ ਦੇ ਪਰਿਵਾਰ ਨੇ ਇਸ ਮਾਮਲੇ ‘ਚ ਕਿਸੇ ਉਤੇ ਦੋਸ਼ ਨਹੀਂ ਲਗਾਇਆ। ਨਿਰਵੈਰ ਸਿੰਘ ਕਰੀਬ 25 ਸਾਲ ਪਹਿਲਾਂ ਆਪਣੇ ਕਰੀਅਰ ਨੂੰ ਬਿਹਤਰ ਬਣਾਉਣ ਲਈ ਆਪਣੀ ਮਾਂ ਨਾਲ ਆਸਟ੍ਰੇਲੀਆ ਵਿਚ ਸ਼ਿਫਟ ਹੋ ਗਏ ਸਨ। ਉਨ੍ਹਾਂ ਦੀ ‘ਮਾਈ ਟਰਨ’ ਐਲਬਮ ਦਾ ਗੀਤ ‘ਤੇਰੇ ਬਿਨਾ’ ਬਹੁਤ ਮਸ਼ਹੂਰ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ।
ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਨੂੰ ਮੈਲਬੌਰਨ ਵਿੱਚ ਤਿੰਨ ਵਾਹਨਾਂ ਦੀ ਟੱਕਰ ਤੋਂ ਬਾਅਦ ਵਾਪਰਿਆ। ਨਿਰਵੈਰ ਸਿੰਘ ਸਮਾਜ ਸੇਵੀ ਤੇ ਭਾਜਪਾ ਆਗੂ ਦਰਸ਼ਨ ਸਿੰਘ ਸ਼ਿਵਜੋਤ ਦਾ ਭਾਣਜਾ ਸੀ। ਉਸਦੇ ਪਿਤਾ ਪੁਲਿਸ ਵਿੱਚ ਇੰਸਪੈਕਟਰ ਸਨ ਅਤੇ ਉਹ ਇੱਕ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਉਨ੍ਹਾਂ ਦੇ ਦੋ ਭਰਾ ਅਤੇ ਇੱਕ ਭੈਣ ਹੈ। ਉਹ ਵੱਡੇ ਭਰਾ ਤੋਂ ਛੋਟਾ ਸੀ। ਉਨ੍ਹਾਂ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ, ਪਰਿਵਾਰ ਅਤੇ ਦੋਸਤਾਂ ਨੂੰ ਸਦਮਾ ਲੱਗਿਆ ਹੈ।
ਪੰਜਾਬੀ ਗਾਇਕ ਗਗਨ ਕੋਕਰੀ ਨੇ ਨਿਰਵੈਰ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਲਿਖਿਆ, ‘ਮੈਂ ਹੁਣੇ ਹੀ ਇਸ ਦੁਖਦਾਈ ਖ਼ਬਰ ਬਾਰੇ ਸੁਣਿਆ ਹੈ। ਅਸੀਂ ਦੋਵਾਂ ਨੇ ਇਕੱਠੇ ਟੈਕਸੀ ਚਲਾਈ ਸੀ। ਗੀਤ ਵੀ ਇਕੱਠੇ ਗਾਇਆ ਸੀ। ਫਿਰ ਤੁਸੀਂ ਬਿਜੀ ਹੋ ਗਏ। ਤੁਹਾਡਾ ਗੀਤ ‘ਤੇਰੇ ਬਿਨਾ’ ਅੱਜ ਤੱਕ ਦਾ ਸਭ ਤੋਂ ਵਧੀਆ ਗੀਤ ਸੀ। ਤੁਸੀਂ ਬਹੁਤ ਚੰਗੇ ਇਨਸਾਨ ਸੀ। ਮੈਂ ਤੈਨੂੰ ਕਦੇ ਨਹੀਂ ਭੁੱਲ ਸਕਦਾ।