ਇਹ ਖਬਰ ਜਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਈ ਹੈ। ਇਥੇ ਬਸਤੀ ਜੋਧੇਵਾਲ ਥਾਣੇ ਦੇ ਬਿਲਕੁਲ ਸਾਹਮਣੇ ਸੜਕ ਦੇ ਦੂਜੇ ਪਾਸੇ ਇਕ ਖਾਲੀ ਪਲਾਟ ਵਿਚ ਬਣੇ ਕਮਰੇ ਵਿਚ ਇਕ ਵਿਅਕਤੀ ਦੀ ਲਟਕਦੀ ਹੋਈ ਲਾਸ਼ ਮਿਲੀ ਹੈ। ਇਸ ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਉਮਰ 42 ਸਾਲ ਵਾਸੀ ਕੁਲਦੀਪ ਨਗਰ ਵਜੋਂ ਹੋਈ ਹੈ। ਮ੍ਰਿਤਕ ਦੇ ਹੱਥ ‘ਤੇ ਰੱਸੀ ਬੰਨ੍ਹੀ ਹੋਈ ਸੀ। ਇਸ ਲਈ ਮਾਮਲਾ ਸ਼ੱਕੀ ਹੋਣ ਕਾਰਨ ਥਾਣਾ ਜੋਧੇਵਾਲ ਦੀ ਪੁਲੀਸ ਦੇ ਨਾਲ ਫੋਰੈਂਸਿਕ ਵਿਭਾਗ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ।
ਜਾਣਕਾਰੀ ਅਨੁਸਾਰ ਅਵਤਾਰ ਸਿੰਘ ਕੁਲਦੀਪ ਨਗਰ ਦਾ ਰਹਿਣ ਵਾਲਾ ਹੈ। ਉਸ ਦੇ ਚਾਰ ਬੱਚੇ ਹਨ। ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ। ਉਸ ਦੀ ਪਤਨੀ ਨੇ ਦੱਸਿਆ ਕਿ ਅਵਤਾਰ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਜੋ ਅਜੀਬੋ-ਗਰੀਬ ਹਰਕਤਾਂ ਅਤੇ ਗੱਲਾਂ ਕਰਦਾ ਸੀ। ਇਸ ਤੋਂ ਪਹਿਲਾਂ ਉਹ ਐਤਵਾਰ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਉਸ ਨੇ ਕਾਫੀ ਭਾਲ ਕੀਤੀ, ਫਿਰ ਕਿਤੇ ਰਾਤ ਨੂੰ ਉਸ ਦਾ ਪਤਾ ਲੱਗਾ ਅਤੇ ਉਸ ਨੂੰ ਘਰ ਲੈ ਕੇ ਆਈ। ਪਰ, ਅਵਤਾਰ ਸੋਮਵਾਰ ਤੜਕੇ ਪੰਜ ਵਜੇ ਦੇ ਕਰੀਬ ਫਿਰ ਉਸ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਫਿਰ ਉਸ ਨੂੰ ਕਰੀਬ 11 ਵਜੇ ਪੁਲੀਸ ਤੋਂ ਪਤਾ ਲੱਗਾ ਕਿ ਅਵਤਾਰ ਸਿੰਘ ਦੀ ਲਾਸ਼ ਖਾਲੀ ਪਲਾਟ ਵਿੱਚ ਬਣੇ ਕਮਰੇ ਵਿੱਚ ਫਾਹੇ ਨਾਲ ਲਟਕ ਰਹੀ ਹੈ। ਇਸ ਦੇ ਨਾਲ ਹੀ ਆਸਪਾਸ ਦੇ ਲੋਕਾਂ ਤੋਂ ਪਤਾ ਲੱਗਾ ਹੈ ਕਿ ਅਵਤਾਰ ਦੀ ਲਾਸ਼ ਅਜੇ ਵੀ ਰੱਸੀ ਨਾਲ ਲਟਕ ਰਹੀ ਸੀ। ਪਰ ਉਸ ਦੇ ਹੱਥ ‘ਤੇ ਰੱਸੀ ਬੰਨ੍ਹੀ ਹੋਈ ਸੀ।
ਦੂਜੇ ਪਾਸੇ ਐੱਸ.ਐੱਚ.ਓ. ਗੁਰਮੁਖ ਸਿੰਘ ਦਿਓਲ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਅਵਤਾਰ ਸਿੰਘ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਉਹ ਬਿਨਾਂ ਦੱਸੇ ਘਰੋਂ ਚਲਾ ਜਾਂਦਾ ਸੀ। ਸਵੇਰੇ ਜਦੋਂ ਲਾਸ਼ ਬਰਾਮਦ ਹੋਈ ਤਾਂ ਉਸ ਦੀ ਪਛਾਣ ਨਹੀਂ ਹੋ ਸਕੀ ਸੀ। ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਅਵਤਾਰ ਦੀ ਲਾਸ਼ ਸੀ। ਉਸ ਦੇ ਹੱਥ ਬੰਨ੍ਹੇ ਹੋਏ ਨਹੀਂ ਸਨ, ਇਉਂ ਲੱਗਦਾ ਸੀ ਜਿਵੇਂ ਉਸ ਨੇ ਆਪ ਹੀ ਰੱਸੀ ਲੈ ਕੇ ਆਪਣੇ ਹੱਥ ਵਿਚ ਲਪੇਟ ਲਈ ਹੋਵੇ। ਇਸ ਦੇ ਬਾਵਜੂਦ ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।