ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਜਗਰਾਉਂ ਦੇ ਇਲਾਕੇ ਹਠੂਰ ‘ਚ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਔਰਤ ਵਲੋਂ ਆਪਣੇ ਪਤੀ ਦਾ ਗਲਾ ਘੁੱਟ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਖਿਲਾਫ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਥਾਣਾ ਹਠੂਰ ਦੇ ਐਸ.ਐਚ.ਓ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਇੰਦਰਜੀਤ ਸਿੰਘ ਵਾਸੀ ਪਿੰਡ ਝੋਰੜਾਂ ਦੀ ਮਾਂ ਬਲਵੀਰ ਕੌਰ ਨੇ ਆਪਣੇ ਬਿਆਨਾਂ ਵਿੱਚ ਪੁਲਿਸ ਨੂੰ ਦੱਸਿਆ ਕਿ ਉਸਦਾ ਲੜਕਾ ਇੰਦਰਜੀਤ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਾਠੀ ਸੀ। 6 ਸਤੰਬਰ ਦੀ ਰਾਤ ਨੂੰ ਕਰੀਬ 9 ਵਜੇ ਉਸ ਦਾ ਲੜਕਾ ਗੁਰਦੁਆਰਾ ਸਾਹਿਬ ਤੋਂ ਪਾਠ ਕਰਕੇ ਘਰ ਵਾਪਸ ਆਇਆ ਅਤੇ ਆਪਣੇ ਬੱਚਿਆਂ ਅਤੇ ਪਤਨੀ ਨਾਲ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਮਰੇ ਵਿੱਚ ਸੌਣ ਲਈ ਚਲਾ ਗਿਆ।
ਮ੍ਰਿਤਕ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਸਵੇਰੇ 7 ਸਤੰਬਰ ਨੂੰ ਸਵੇਰੇ ਉਸ ਨੇ ਇਸ਼ਨਾਨ ਕੀਤਾ ਅਤੇ ਉਹ ਗੁਰਦੁਆਰਾ ਸਾਹਿਬ ਵਿਖੇ ਪਾਠ ਕਰਨ ਲਈ ਚਲੀ ਗਈ ਸੀ ਅਤੇ ਜਦੋਂ 8 ਵਜੇ ਦੇ ਕਰੀਬ ਵਾਪਸ ਆਈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਦੇਖਿਆ ਕਿ ਉਸ ਦਾ ਲੜਕਾ ਇੰਦਰਜੀਤ ਸਿੰਘ ਮੰਜੇ ‘ਤੇ ਮ੍ਰਿਤਕ ਪਿਆ ਸੀ। ਉਸ ਦੀ ਪਤਨੀ ਕਿਰਨਦੀਪ ਕੌਰ ਉਸ ਦੇ ਮ੍ਰਿਤਕ ਲੜਕੇ ਦੀ ਲਾਸ਼ ਕੋਲ ਬੈਠੀ ਵਿਰਲਾਪ ਕਰ ਰਹੀ ਸੀ। ਮ੍ਰਿਤਕ ਦੇ ਮਾਂ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੀ ਲਾਸ਼ ਦੇਖ ਕੇ ਸੁਧ ਬੁਧ ਖੋ ਬੈਠੀ ਸੀ ਅਤੇ ਉਸ ਦੇ ਲੜਕੇ ਦੇ ਸਰੀਰ ‘ਤੇ ਜ਼ਖ਼ਮ ਦਾ ਕੋਈ ਵੀ ਨਿਸ਼ਾਨ ਨਹੀਂ ਸੀ। ਜਿਸ ਕਾਰਨ ਉਨ੍ਹਾਂ ਨੇ ਪੁਲਿਸ ਦੇ 174 ਦੀ ਕਾਰਵਾਈ ਕਰਨ ਤੋਂ ਬਾਅਦ ਆਪਣੇ ਪੁੱਤਰ ਦੀ ਲਾਸ਼ ਦਾ ਸਸਕਾਰ ਕਰ ਦਿੱਤਾ।
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਬਾਅਦ ਵਿਚ ਅਗਲੇ ਦਿਨ ਜਦੋਂ ਉਨ੍ਹਾਂ ਨੇ ਘਰ ‘ਚ ਲੱਗੇ ਕੈਮਰਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਚੈੱਕ ਕੀਤੀ ਤਾਂ 6 ਸਤੰਬਰ ਦੀ ਰਾਤ 11.30 ਵਜੇ ਤੋਂ 7 ਸਤੰਬਰ ਨੂੰ 2.30 ਵਜੇ ਸਵੇਰੇ ਤੱਕ ਘਰ ‘ਚ ਲੱਗੇ ਕੈਮਰੇ ਬੰਦ ਪਾਏ ਗਏ। ਐੱਸ.ਐੱਚ.ਓ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਇੰਦਰਜੀਤ ਸਿੰਘ ਦੀ ਮਾਂ ਬਲਵੀਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਲੜਕੇ ਦੀ ਪਤਨੀ ਕਿਰਨਦੀਪ ਕੌਰ ਦੇ ਉਸਦੇ ਭਰਾ ਦੇ ਲੜਕੇ ਹਰਦੀਪ ਸਿੰਘ ਨਾਲ ਨਜਾਇਜ਼ ਸਬੰਧ ਸਨ, ਜਿਸ ਕਾਰਨ ਕਿਰਨਦੀਪ ਕੌਰ ਨੇ ਆਪਣੇ ਪ੍ਰੇਮੀ ਹਰਦੀਪ ਸਿੰਘ ਨਾਲ ਮਿਲ ਕੇ ਇੰਦਰਜੀਤ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ।
ਪੁਲਿਸ ਅਨੁਸਾਰ ਮ੍ਰਿਤਕ ਇੰਦਰਜੀਤ ਸਿੰਘ ਦੀ ਮਾਂ ਬਲਵੀਰ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਮ੍ਰਿਤਕ ਇੰਦਰਜੀਤ ਸਿੰਘ ਦੀ ਪਤਨੀ ਕਿਰਨਦੀਪ ਕੌਰ ਅਤੇ ਉਸ ਦੇ ਪ੍ਰੇਮੀ ਹਰਦੀਪ ਸਿੰਘ ਦੇ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰਕੇ ਮ੍ਰਿਤਕ ਇੰਦਰਜੀਤ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੂਜੇ ਦੋਸ਼ੀ ਹਰਦੀਪ ਸਿੰਘ ਦੀ ਭਾਲ ਜਾਰੀ ਹੈ।