ਪੰਜਾਬ ਵਿਚ ਜਿਲ੍ਹਾ ਲੁਧਿਆਣਾ ‘ਚ ਰਾਏਕੋਟ ਦੇ ਮਾਡਲ ਟਾਊਨ ਦੀ ਰਹਿਣ ਵਾਲੀ ਇਕ ਔਰਤ ਨੇ ਪਿੰਡ ਦੱਧਾਹੂਰ ਦੀ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਦੂਜੇ ਪਾਸੇ ਜਦੋਂ ਉਸ ਦੇ ਇਕਲੌਤੇ ਪੁੱਤਰ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਸ ਨੇ ਵੀ ਜ਼ਹਿਰ ਨਿਗਲ ਲਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਉਸ ਦੀ ਵੀ ਮੌਤ ਹੋ ਗਈ। ਮਾਂ ਅਤੇ ਪੁੱਤਰ ਦੀ ਮੌਤ ਕਾਰਨ ਪੂਰੇ ਇਲਾਕੇ ਦੇ ਵਿੱਚ ਮਾਤਮ ਦਾ ਮਾਹੌਲ ਪੈਦਾ ਹੋ ਗਿਆ ਹੈ।
ਇਸ ਮਾਮਲੇ ਸਬੰਧੀ ਬੇਟੀ ਰਾਜਦੀਪ ਕੌਰ ਨੇ ਦੱਸਿਆ ਕਿ ਉਸ ਦੀ 65 ਸਾਲਾ ਮਾਂ ਕਾਫੀ ਸਮੇਂ ਤੋਂ ਪਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਵਿੱਚ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਮੌਕੇ ਉਤੇ ਮੌਜੂਦ ਲੋਕਾਂ ਨੇ ਕਾਫੀ ਮੁਸ਼ੱਕਤ ਨਾਲ ਉਸ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਜਦੋਂ ਇਸ ਦੀ ਸੂਚਨਾ ਘਰ ਪਹੁੰਚੀ ਤਾਂ ਉਸ ਦੇ ਇਕਲੌਤੇ ਭਰਾ ਯਾਦਵਿੰਦਰ ਸਿੰਘ ਨੇ ਵੀ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਨਾਲ ਉਸ ਦੀ ਹਾਲਤ ਕਾਫੀ ਵਿਗੜ ਗਈ। ਉਸ ਨੂੰ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲੀਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਸੁਧਾਰ ਭੇਜ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਲਾਸ਼ਾਂ ਦਾ ਅੰਤਿਮ ਸਸਕਾਰ ਕਰ ਦਿੱਤਾ।
ਦੱਸ ਦੇਈਏ ਕਿ ਯਾਦਵਿੰਦਰ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੀ 12 ਸਾਲ ਦੀ ਬੇਟੀ ਅਤੇ 6 ਸਾਲ ਦਾ ਬੇਟਾ ਹੈ। ਉਸ ਦੀ ਪਤਨੀ ਬੱਚਿਆਂ ਨੂੰ ਲੈ ਕੇ ਪੇਕੇ ਘਰ ਗਈ ਹੋਈ ਸੀ। ਭੈਣ ਰਾਜਦੀਪ ਕੌਰ ਵਿਆਹੀ ਹੋਈ ਹੈ ਅਤੇ ਉਹ ਆਪਣੇ ਪੇਕੇ ਘਰ ਰਹਿਣ ਲਈ ਆਈ ਸੀ। ਉਸ ਦੇ ਬਿਆਨਾਂ ’ਤੇ ਪੁਲੀਸ ਵਲੋਂ 174 ਦੀ ਕਾਰਵਾਈ ਕੀਤੀ ਗਈ ਹੈ।