ਪੰਜਾਬ ਦੇ ਬਟਾਲਾ ਦੇ ਅੱਡਾ ਧਰਮਕੋਟ ਬੱਗਾ ਵਿਖੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਮਾਂ ਅਤੇ ਦੋ ਸਾਲ ਦੀ ਬੇਟੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮਾਂ ਅਤੇ ਬੱਚੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਮੋਟਰਸਾਈਕਲ ਸਵਾਰ ਪਤੀ ਅਤੇ ਛੇ ਸਾਲਾ ਪੁੱਤਰ ਵਾਲ ਵਾਲ ਬਚ ਗਏ। ਮ੍ਰਿਤਕ ਔਰਤ ਦੀ ਪਛਾਣ ਮਨਜੀਤ ਕੌਰ ਉਮਰ 30 ਸਾਲ ਪਤਨੀ ਹਰਜੋਤ ਸਿੰਘ ਵਾਸੀ ਪਿੰਡ ਬਿਜਲੀਵਾਲ ਅਤੇ ਪੁੱਤਰੀ ਜਸਪ੍ਰੀਤ ਕੌਰ ਉਮਰ 2 ਸਾਲ ਵਜੋਂ ਹੋਈ ਹੈ।
ਇਸ ਦੇ ਨਾਲ ਹੀ ਇਸ ਹਾਦਸੇ ਤੋਂ ਬਾਅਦ ਬਟਾਲਾ ਦੇ ਸਿਵਲ ਹਸਪਤਾਲ ‘ਚ ਮ੍ਰਿਤਕਾ ਦੇ ਸਹੁਰੇ ਅਤੇ ਪੇਕੇ ਪਰਿਵਾਰ ‘ਚ ਲੜਾਈ ਹੋ ਗਈ ਅਤੇ ਇਕ ਦੂਜੇ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ। ਪੇਕੇ ਪੱਖ ਦਾ ਦੋਸ਼ ਹੈ ਕਿ ਇਹ ਕੋਈ ਸੜਕ ਹਾਦਸਾ ਨਹੀਂ, ਸਗੋਂ ਇਹ ਹਾਦਸਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਦੋਵੇਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਹਾਦਸਾ ਐਤਵਾਰ ਦੇਰ ਰਾਤ ਵਾਪਰਿਆ
ਇਸ ਸਬੰਧੀ ਮ੍ਰਿਤਕਾ ਦੇ ਪਤੀ ਹਰਜੋਤ ਸਿੰਘ ਵਾਸੀ ਪਿੰਡ ਬਿਜਲੀਵਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਮਨਜੀਤ ਕੌਰ, ਪੁੱਤਰ ਅੰਸ਼ਪ੍ਰੀਤ ਅਤੇ ਬੇਟੀ ਜਸਪ੍ਰੀਤ ਕੌਰ ਨਾਲ ਮੋਟਰਸਾਈਕਲ ‘ਤੇ ਆਪਣੀ ਭੈਣ ਦੇ ਪਿੰਡ ਧੀਰ ਨੂੰ ਜਾ ਰਿਹਾ ਸੀ। ਜਦੋਂ ਉਹ ਧਰਮਕੋਟ ਬੱਗਾ ਨੇੜੇ ਪੁੱਜੇ ਤਾਂ ਡੇਰਾ ਬਾਬਾ ਨਾਨਕ ਦੇ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪਤਨੀ ਮਨਜੀਤ ਕੌਰ ਅਤੇ ਪੁੱਤਰੀ ਜਸਪ੍ਰੀਤ ਕੌਰ ਟਰੱਕ ਹੇਠ ਆ ਗਈਆਂ ਅਤੇ ਦੋਵੇਂ ਮਾਂ-ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਉਹ ਅਤੇ ਉਸ ਦਾ ਪੁੱਤਰ ਅੰਸ਼ਪ੍ਰੀਤ ਸਿੰਘ ਵਾਲ-ਵਾਲ ਬਚ ਗਏ।
ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਬਚਿੱਤਰ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਅਤੇ ਉਸ ਦੀ ਲੜਕੀ ਜਸਪ੍ਰੀਤ ਕੌਰ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਥਾਣਾ ਕਿਲਾ ਲਾਲ ਸਿੰਘ ਦੀ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।