ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਵਿੱਚ ਇੱਕ ਸ਼ਰਾਬੀ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਹੈ। ਪੁਲੀਸ ਨੇ ਦੋਸ਼ੀ ਪੁੱਤਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫਰਾਰ ਹੈ, ਜਿਸ ਦੀ ਪੁਲਸ ਟੀਮਾਂ ਤਲਾਸ਼ ਕਰ ਰਹੀਆਂ ਹਨ। ਥਾਣਾ ਭਾਦਸੋਂ ਦੇ ਇੰਚਾਰਜ ਇੰਸਪੈਕਟਰ ਅਨਵਰ ਅਲੀ ਨੇ ਦੱਸਿਆ ਹੈ ਕਿ ਪਿੰਡ ਰਾਮਗੜ੍ਹ ਦੇ ਨੰਦ ਸਿੰਘ ਉਮਰ 85 ਸਾਲ ਅਤੇ ਉਸ ਦੇ ਲੜਕੇ ਹਾਕਮ ਸਿੰਘ ਉਮਰ 50 ਸਾਲ ਵਿਚਕਾਰ ਅਕਸਰ ਕਲੇਸ਼ ਝਗੜਾ ਰਹਿੰਦਾ ਸੀ।
ਦਰਅਸਲ, ਜਿਸ ਘਰ ਵਿੱਚ ਦੋਵੇਂ ਪਿਉ-ਪੁੱਤਰ ਰਹਿੰਦੇ ਸਨ, ਹਾਕਮ ਸਿੰਘ ਆਪਣੇ ਪਿਤਾ ਤੋਂ ਇਸ ਨੂੰ ਆਪਣੇ ਨਾਮ ਰੱਖਣ ਦੀ ਮੰਗ ਕਰ ਰਿਹਾ ਸੀ ਪਰ ਨੰਦ ਸਿੰਘ ਇਸ ਲਈ ਰਾਜ਼ੀ ਨਹੀਂ ਸੀ। ਸੋਮਵਾਰ ਦੇਰ ਰਾਤ ਵੀ ਪਿਓ ਅਤੇ ਪੁੱਤ ਦਾ ਘਰ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਸ਼ਰਾਬ ਦੇ ਨਸ਼ੇ ‘ਚ ਧੁੱਤ ਹਾਕਮ ਸਿੰਘ ਨੇ ਗੁੱਸੇ ਵਿਚ ਆ ਕੇ ਲੱਕੜ ਦੇ ਬਾਲੇ ਨਾਲ ਆਪਣੇ ਬਜ਼ੁਰਗ ਪਿਤਾ ਦੇ ਸਿਰ ‘ਤੇ ਕਰੀਬ ਤਿੰਨ-ਚਾਰ ਵਾਰ ਕਰ ਦਿੱਤੇ।
ਬਾਅਦ ਵਿਚ ਦੋਸ਼ੀ ਪਿਤਾ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਛੱਡ ਕੇ ਫਰਾਰ ਹੋ ਗਿਆ। ਬਜ਼ੁਰਗ ਦਾ ਦੂਜਾ ਪੁੱਤਰ ਰੇਸ਼ਮ ਸਿੰਘ ਵੀ ਇਸੇ ਪਿੰਡ ਵਿੱਚ ਰਹਿੰਦਾ ਹੈ। ਗੁਆਂਢੀਆਂ ਰਾਹੀਂ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਤੁਰੰਤ ਮੌਕੇ ‘ਤੇ ਪਹੁੰਚ ਗਿਆ ਅਤੇ ਗੰਭੀਰ ਜ਼ਖਮੀ ਪਿਤਾ ਨੂੰ ਹਸਪਤਾਲ ਪਹੁੰਚਾਇਆ। ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪੁਲੀਸ ਦੇ ਦੱਸਣ ਅਨੁਸਾਰ ਇਸ ਘਟਨਾ ਦੀ ਸੂਚਨਾ ਦੁਪਹਿਰ ਕਰੀਬ ਡੇਢ ਵਜੇ ਮਿਲੀ। ਤੁਰੰਤ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ। ਦੋਸ਼ੀ ਹਾਕਮ ਸਿੰਘ ਫਿਲਹਾਲ ਫ਼ਰਾਰ ਹੈ, ਜਿਸ ਖ਼ਿਲਾਫ਼ ਪੁਲੀਸ ਨੇ ਉਸ ਦੇ ਭਰਾ ਰੇਸ਼ਮ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਹਾਕਮ ਸਿੰਘ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ।